ਗਾਮਪੇਲਾ (ਬੁਰਕੀਨਾ ਫਾਸੋ) (ਏਪੀ) : ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਨੂੰ ਅਜੇ ਸਭ ਤੋਂ ਜ਼ਿਆਦਾ ਟੀਕੇ ਦਾ ਇੰਤਜ਼ਾਰ ਹੈ। ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਨਵੀਂ ਵੈਕਸੀਨ 'ਤੇ ਦਿਨ-ਰਾਤ ਕੰਮ ਚੱਲ ਰਿਹਾ ਹੈ। ਅੰਤਿਮ ਪੜਾਅ ਵਿਚ ਪੁੱਜ ਚੁੱਕੇ ਕਈ ਟੀਕੇ ਇਹ ਉਮੀਦ ਜਗਾ ਰਹੇ ਹਨ ਕਿ ਕੁਝ ਹੀ ਮਹੀਨਿਆਂ ਵਿਚ ਲੋਕਾਂ ਨੂੰ ਇਸ ਘਾਤਕ ਵਾਇਰਸ ਤੋਂ ਬਚਾਉਣ ਦਾ ਹਥਿਆਰ ਮਿਲ ਜਾਵੇਗਾ ਪ੍ਰੰਤੂ ਵੈਕਸੀਨ ਵਿਕਸਿਤ ਹੋ ਜਾਣ ਨਾਲ ਹੀ ਗੱਲ ਖ਼ਤਮ ਨਹੀਂ ਹੋ ਜਾਂਦੀ।

ਦੁਨੀਆ ਭਰ ਵਿਚ ਖ਼ਾਸ ਕਰਕੇ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਸਾਰੇ ਲੋਕਾਂ ਤਕ ਟੀਕੇ ਦੇ ਪਹੁੰਚਣ ਦੀ ਘੱਟ ਵੱਡੀ ਚੁਣੌਤੀ ਨਹੀਂ ਹੈ। ਅਜਿਹਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਬੁਨਿਆਦੀ ਢਾਂਚੇ ਦੀ ਅਣਹੋਂਦ ਵਿਚ ਭਾਰਤ ਸਮੇਤ ਦੁਨੀਆ ਦੇ ਕਰੀਬ ਤਿੰਨ ਅਰਬ ਲੋਕ ਕੋਰੋਨਾ ਵੈਕਸੀਨ ਤੋਂ ਵੰਚਿਤ ਰਹਿ ਸਕਦੇ ਹਨ। ਹਰ ਕਿਸੇ ਤਕ ਟੀਕੇ ਨੂੰ ਪਹੁੰਚਾਉਣ ਅਤੇ ਉਸ ਨੂੰ ਪ੍ਰਭਾਵੀ ਬਣਾਏ ਰੱਖਣ ਲਈ ਕੋਲਡ ਚੇਨ ਦੀ ਲੋੜ ਹੋਵੇਗੀ ਜਿਸ ਦੀ ਦੁਨੀਆ ਦੇ ਬਹੁਤ ਵੱਡੇ ਹਿੱਸੇ 'ਚ ਘਾਟ ਹੈ।

ਫੈਕਟਰੀ ਤੋਂ ਸਰਿੰਜ ਤਕ, ਦੁਨੀਆ ਦੇ ਲਗਪਗ ਸਾਰੇ ਸੰਭਾਵਿਤ ਕੋਰੋਨਾ ਵੈਕਸੀਨ ਨੂੰ ਨਾਨ-ਸਟਾਪ ਰੈਫਰਿਜਰੇਸ਼ਨ ਦੀ ਲੋੜ ਹੋਵੇਗੀ ਤਾਂਕਿ ਇਹ ਸੁਰੱਖਿਅਤ ਅਤੇ ਅਸਰਕਾਰਕ ਰਹਿ ਸਕੇ ਪ੍ਰੰਤੂ ਦੁਨੀਆ ਭਰ ਦੀ 7.8 ਅਰਬ ਆਬਾਦੀ ਵਿੱਚੋਂ ਤਿੰਨ ਅਰਬ ਲੋਕ ਅਜਿਹੀਆਂ ਥਾਵਾਂ 'ਤੇ ਰਹਿੰਦੇ ਹਨ ਜਿੱਥੇ ਟੀਕੇ ਲਈ ਲੋੜੀਂਦੇ ਕੋਲਡ ਸਟੋਰੇਜ ਦੀ ਵਿਵਸਥਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਦੁਨੀਆ ਭਰ ਵਿਚ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਗ਼ਰੀਬ ਇਸ ਤੋਂ ਕਾਫ਼ੀ ਦੇਰ ਨਾਲ ਸੁਰੱਖਿਅਤ ਹੋ ਸਕਣਗੇ। ਕੋਰੋਨਾ ਵਾਇਰਸ ਵੈਕਸੀਨ ਲਈ ਕੋਲਡ ਚੇਨ ਬਣਾਉਣਾ ਸਭ ਤੋਂ ਅਮੀਰ ਦੇਸ਼ਾਂ ਲਈ ਵੀ ਆਸਾਨ ਨਹੀਂ ਹੋਵੇਗਾ, ਖ਼ਾਸ ਕਰ ਕੇ ਉਨ੍ਹਾਂ ਵੈਕਸੀਨ ਲਈ ਜਿਨ੍ਹਾਂ ਲਈ -70 ਡਿਗਰੀ ਸੈਲਸੀਅਸ ਵਾਲੇ ਅਲਟ੍ਰਾਕੋਲਡ ਸਟੋਰੇਜ ਦੀ ਲੋੜ ਹੋਵੇਗੀ।

ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ ਪ੍ਰਭਾਵਿਤ

ਕੋਰੋਨਾ ਵਾਇਰਸ ਕਾਰਨ ਇਸ ਸਾਲ ਸ਼ੁਰੂ ਹੋਏ ਵੈਕਸੀਨ ਵਿਕਾਸ ਦੇ ਮੁਕਾਬਲੇ ਬੁਨਿਆਦੀ ਸਹੂਲਤਾਂ ਅਤੇ ਹੋਰ ਕੂਲਿੰਗ ਤਕਨਾਲੋਜੀ ਵਿਚ ਨਿਵੇਸ਼ ਪੱਛੜ ਰਿਹਾ ਹੈ। ਮਹਾਮਾਰੀ ਨੂੰ ਅੱਠ ਮਹੀਨੇ ਹੋ ਚੁੱਕੇ ਹਨ ਤੇ ਲਾਜਿਸਟਿਕਸ ਐਕਸਪਰਟ ਚਿਤਾਵਨੀ ਦੇ ਰਹੇ ਹਨ ਕਿ ਪ੍ਰਭਾਵੀ ਟੀਕਾਕਰਨ ਲਈ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਰੈਫਰਿਜਰੇਸ਼ਨ ਦੀ ਘਾਟ ਹੈ। ਇਨ੍ਹਾਂ ਵਿੱਚੋਂ ਮੱਧ ਏਸ਼ੀਆ ਦੇ ਜ਼ਿਆਦਾਤਰ ਦੇਸ਼ ਭਾਰਤ ਅਤੇ ਦੱਖਣੀ ਏਸ਼ੀਆ, ਲਾਤੀਨੀ ਅਮਰੀਕਾ ਅਤੇ ਅਫਰੀਕਾ ਦੇ ਕਈ ਕੋਨੇ ਸ਼ਾਮਲ ਹਨ।

ਬੁਰਕੀਨਾ ਫਾਸੋ ਵਰਗੇ ਗ਼ਰੀਬ ਦੇਸ਼ਾਂ ਲਈ ਵੈਕਸੀਨ ਪ੍ਰਾਪਤ ਕਰਨ ਦਾ ਸਭ ਤੋਂ ਚੰਗਾ ਮੌਕਾ ਵਿਸ਼ਵ ਸਿਹਤ ਸੰਗਠਨ ਦੀ ਪਹਿਲ ਕੋਵਾਕਸ ਨੂੰ ਲੈ ਕੇ ਹੈ। ਇਸ ਦਾ ਟੀਚਾ ਚੰਗੀ ਵੈਕਸੀਨ ਲਈ ਆਰਡਰ ਦੇ ਕੇ ਗ਼ਰੀਬ ਦੇਸ਼ਾਂ ਵਿਚ ਵੰਡਣਾ ਹੈ।