ਸਾਓ ਪਾਓਲੋ (ਏਜੰਸੀਆਂ) : ਕੋਰੋਨਾ ਮਹਾਮਾਰੀ 'ਚ ਬ੍ਰਾਜ਼ੀਲ 'ਚ ਮੌਤ ਦਾ ਅੰਕੜਾ ਡਰਾਉਣ ਵਾਲਾ ਹੈ। ਇੱਥੇ ਪਿਛਲੇ 24 ਘੰਟਿਆਂ 'ਚ 3808 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇੱਥੇ ਹਰ ਰੋਜ਼ 82 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਬ੍ਰਾਜ਼ੀਲ 'ਚ ਹੁਣ ਤਕ ਤਿੰਨ ਲੱਖ 58 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 80 ਫ਼ੀਸਦੀ ਤੋਂ ਵੱਧ ਇੰਟੈਸਿਵ ਕੇਅਰ ਦੇ ਬੈੱਡ ਵੀ ਭਰ ਚੁੱਕੇ ਹਨ। ਲਗਾਤਾਰ ਸੱਤ ਦਿਨਾਂ ਤੋਂ ਬ੍ਰਾਜ਼ੀਲ 'ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਉਪਰ ਹੋ ਚੱਲ ਰਹੀ ਹੈ।

ਕੈਨੇਡਾ 'ਚ ਪਿਛਲੇ ਕੁਝ ਦਿਨਾਂ ਦੌਰਾਨ ਕੋਰੋਨਾ ਦੇ ਮਾਮਲਿਆਂ 'ਚ 33 ਫ਼ੀਸਦੀ ਵਾਧਾ ਹੋਇਆ ਹੈ। ਇੱਥੇ ਹਰ ਰੋਜ਼ ਅੱਠ ਹਜ਼ਾਰ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਮਿਲ ਰਹੇ ਹਨ।

ਥਾਈਲੈਂਡ 'ਚ ਹਰ ਰੋਜ਼ 1300 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਹ ਗਿਣਤੀ ਮਹਾਮਾਰੀ ਫੈਲਣ ਤੋਂ ਹੁਣ ਤਕ ਸਭ ਤੋਂ ਜ਼ਿਆਦਾ ਹੈ। ਦੱਖਣੀ ਕੋਰੀਆ 'ਚ ਹਰ ਰੋਜ਼ 731 ਨਵੇਂ ਮਾਮਲੇ ਮਿਲ ਰਹੇ ਹਨ। ਪਿਛਲੇ ਤਿੰਨ ਮਹੀਨਿਆਂ 'ਚ ਕੋਰੋਨਾ ਦੇ ਕੇਸਾਂ 'ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਪਾਕਿਸਤਾਨ 'ਚ ਕੋਰੋਨਾ ਨਾਲ ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਸਵਾ ਸੌ ਤੋਂ ਜ਼ਿਆਦਾ ਬਣੀ ਹੋਈ ਹੈ। ਰੋਜ਼ਾਨਾ 4600 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਪਹਿਲੀ ਡੋਜ਼ ਦੇ ਤਿੰਨ ਹਫ਼ਤੇ ਬਾਅਦ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਈ ਹੈ।

ਨੇਪਾਲ ਨੇ ਦਿੱਤੀ ਲਾਕਡਾਊਨ ਦੀ ਚਿਤਾਵਨੀ

ਨੇਪਾਲ 'ਚ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਨੇਪਾਲੀ ਨਵੇਂ ਸਾਲ 'ਤੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕਿਹਾ ਕਿ ਜੇ ਲਾਪਰਵਾਹੀ ਜਾਰੀ ਰਹੀ ਤਾਂ ਉਹ ਲਾਕਡਾਊਨ ਦਾ ਐਲਾਨ ਕਰ ਸਕਦੇ ਹਨ।

ਰੋਮਾਨੀਆ ਦੇ ਸਿਹਤ ਮੰਤਰੀ ਹਟਾਏ

ਰੋਮਾਨੀਆ ਦੇ ਪ੍ਰਧਾਨ ਮੰਤਰੀ ਫਲੋਰਿਨ ਸੀਟੂ ਨੇ ਕੋਰੋਨਾ ਦੇ ਤੇਜ਼ੀ ਨਾਲ ਫੈਲਣ 'ਤੇ ਸਿਹਤ ਮੰਤਰੀ ਵਲਾਦ ਵੋਕੂਲੇਸਕਿਊ ਨਾਲ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ। ਦਸੰਬਰ 'ਚ ਚੋਣਾਂ ਤੋਂ ਬਾਅਦ ਗੱਠਜੋੜ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਵੱਡਾ ਫ਼ੈਸਲਾ ਹੈ।

ਈਯੂ ਨੇ ਫਾਈਜ਼ਰ ਦਾ ਕਾਂਟਰੈਕਟ ਵਧਾਇਆ

ਯੂਰਪੀ ਯੂਨੀਅਨ ਕਮਿਸ਼ਨ ਦੀ ਚੀਫ ਉਰਸੁਲਾ ਵਾਨ ਡੇਰ ਲੇਨ ਨੇ ਐਲਾਨ ਕੀਤਾ ਕਿ ਫਾਈਜ਼ਰ ਦੇ ਨਾਲ 2023 ਤਕ ਵੈਕਸੀਨ ਦਾ ਕਾਂਟਰੈਕਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਐਸਟ੍ਰਾਜ਼ੈਨੇਕਾ ਅਤੇ ਜੌਨਸਨ ਐਂਡ ਜੌਨਸਨ ਦੇ ਅਗਲੇ ਸਾਲ ਕਾਂਟਰੈਕਟ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਦੁਬਾਰਾ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਡੈਨਮਾਰਕ ਨੇ ਐਸਟ੍ਰਾਜ਼ੈਨੇਕਾ ਤੋਂ ਵੈਕਸੀਨ ਲੈਣਾ ਬੰਦ ਕਰ ਦਿੱਤਾ ਹੈ। ਇਸ ਨਾਲ ਵੈਕਸੀਨੇਸ਼ਨ ਦਾ ਕੰਮ ਰੁਕ ਗਿਆ ਹੈ।