ਟਰਨੈਟ (ਏਪੀ) : ਇੰਡੋਨੇਸ਼ੀਆ 'ਚ ਜਦੋਂ ਇਕ ਕੋਰੋਨਾ ਪੀੜਤ ਵਿਅਕਤੀ ਨੂੰ ਸ਼ਹਿਰ ਛੱਡਣ ਤੋਂ ਮਨ੍ਹਾ ਕੀਤਾ ਗਿਆ ਤਾਂ ਉਸ ਨੇ ਇਕ ਵੱਖਰਾ ਹੀ ਤਰੀਕਾ ਕੱਢ ਲਿਆ। ਇਸ ਸਖ਼ਸ ਨੇ ਆਪਣੀ ਪਤਨੀ ਦਾ ਰੂਪ ਧਾਰ ਕੇ ਹਵਾਈ ਯਾਤਰਾ ਕੀਤੀ। ਇਸ ਦੇ ਲਈ ਉਸ ਨੇ ਆਪਣੀ ਪਤਨੀ ਦੇ ਨਾਂ ਤੋਂ ਘਰੇਲੂ ਉਡਾਣ ਦੀ ਟਿਕਟ ਖ਼ਰੀਦੀ। ਉਸ ਦਾ ਬੁਰਕਾ ਪਹਿਨ ਕੇ ਉਸ ਦੇ ਪਛਾਣ ਪੱਤਰ ਤੇ ਹੋਰਨਾਂ ਦਸਤਾਵੇਜ਼ਾਂ ਅਤੇ ਉਸ ਦੀ ਕੋਰੋਨਾ ਨੈਗੇਟਿਵ ਰਿਪੋਰਟ ਲੈ ਕੇ ਹਵਾਈ ਅੱਡੇ ਪਹੁੰਚ ਗਿਆ। ਇੱਥੇ ਵੀ ਕੋਈ ਉਸ ਨੂੰ ਪਛਾਣ ਨਹੀਂ ਸਕਿਆ, ਪਰ ਜਹਾਜ਼ 'ਚ ਉਸ ਦੀ ਇਕ ਗ਼ਲਤੀ ਨਾਲ ਭੇਤ ਖੁੱਲ੍ਹ ਗਿਆ।

ਕੋਰੋਨਾ ਪੀੜਤ ਇਕ ਸਖ਼ਸ ਨੇ ਆਪਣੇ ਘਰ ਪਹੁੰਚਣ ਦੀ ਜਲਦਬਾਜ਼ੀ 'ਚ ਸੈਂਕੜੇ ਲੋਕਾਂ ਨੂੰ ਮੁਸ਼ਕਲ 'ਚ ਪਾ ਦਿੱਤਾ। ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਵੀ ਇਸ ਵਿਅਕਤੀ ਨੇ ਧੋਖੇ ਨਾਲ ਹਵਾਈ ਯਾਤਰਾ ਕੀਤੀ। ਅਸਲ 'ਚ ਇਹ ਵਿਅਕਤੀ ਬੁਰਕਾ ਪਹਿਨ ਕੇ ਹਵਾਈ ਅੱਡੇ ਪਹੁੰਚਿਆ ਤਾਂ ਕਿ ਕੋਈ ਉਸ ਨੂੰ ਪਛਾਣ ਨਾ ਸਕੇ ਤੇ ਉਹ ਇਸ 'ਚ ਕਾਮਯਾਬ ਵੀ ਰਿਹਾ। ਪਰ ਆਖ਼ਰੀ ਸਮੇਂ ਹੋਈ ਇਕ ਗ਼ਲਤੀ ਨਾਲ ਉਸ ਦੇ ਝੂਠ ਦਾ ਪਰਦਾਫਾਸ਼ ਹੋ ਗਿਆ।

ਰਿਪੋਰਟ ਮੁਤਾਬਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਇਕ ਵਿਅਕਤੀ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰ ਕੇ ਹਵਾਈ ਯਾਤਰਾ ਕੀਤੀ ਤੇ ਸੈਂਕੜੇ ਲੋਕਾਂ ਨੂੰ ਖ਼ਤਰੇ 'ਚ ਪਾਇਆ। ਉਸ ਨੂੰ ਆਪਣੇ ਗ੍ਹਿ ਨਗਰ ਟਰਨੈਟ ਜਾਣਾ ਸੀ, ਪਰ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਇਹ ਸੰਭਵ ਨਹੀਂ ਸੀ। ਪਰ ਉਸ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈ ਸੀ, ਇਸ ਲਈ ਉਸ ਨੇ ਖ਼ੁਦ ਨੂੰ ਪਤਨੀ ਦੇ ਰੂਪ 'ਚ ਪੇਸ਼ ਕਰਨ ਲਈ ਬੁਰਕਾ ਪਾਇਆ ਤੇ ਉਸ ਦੀ ਨੈਗੇਟਿਵ ਆਰਟੀ ਪੀਸੀਆਰ ਰਿਪੋਰਟ, ਪਛਾਣ ਪੱਤਰ ਤੇ ਹੋਰ ਦਸਤਾਵੇਜ਼ ਲੈ ਕੇ ਹਵਾਈ ਅੱਡੇ ਪਹੁੰਚ ਗਿਆ।

ਮੁਲਜ਼ਮ ਜਕਾਰਤਾ ਹਵਾਈ ਅੱਡੇ 'ਤੇ ਸਕਿਓਰਿਟੀ ਤੇ ਸਿਹਤ ਅਫ਼ਸਰਾਂ ਨੂੰ ਕਿਸੇ ਤਰ੍ਹਾਂ ਚਕਮਾ ਦੇ ਕੇ ਜਹਾਜ਼ 'ਚ ਸਵਾਰ ਹੋ ਗਿਆ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਇਸ ਦੀ ਇਕ ਗ਼ਲਤੀ ਨੇ ਸਾਰਾ ਭੇਤ ਖੋਲ੍ਹ ਦਿੱਤਾ। ਅਸਲ 'ਚ ਸਫ਼ਰ ਦੌਰਾਨ ਮੁਲਜ਼ਮ ਟਾਇਲਟ ਗਿਆ ਤੇ ਆਪਣੇ ਕੱਪੜੇ ਬਦਲ ਲਏ ਤੇ ਉਹ ਬੁਰਕਾ ਉਤਾਰ ਕੇ ਸਾਧਾਰਨ ਕੱਪੜਿਆਂ 'ਚ ਆ ਗਿਆ। ਇਕ ਫਲਾਈਟ ਅਟੈਂਡੈਂਟ ਨੇ ਜਦੋਂ ਇਹ ਸਭ ਦੇਖਿਆ ਤਾਂ ਉਸ ਨੂੰ ਸ਼ੱਕ ਹੋਇਆ, ਉਸ ਨੇ ਤੁਰੰਤ ਇਸ ਦੀ ਸੂਚਨਾ ਪਾਇਲਟ ਨੂੰ ਦਿੱਤੀ ਤੇ ਪਾਇਲਟ ਨੇ ਟਰਨੈਟ ਏਅਰਪੋਰਟ ਅਥਾਰਿਟੀ ਨੂੰ ਸੂਚਿਤ ਕੀਤਾ।

ਜਿਵੇਂ ਹੀ ਜਹਾਜ਼ ਟਰਨੈਟ ਪਹੁੰਚਿਆ, ਸੁਰੱਖਿਆ ਤੇ ਸਿਹਤ ਅਧਿਕਾਰੀਆਂ ਦੀ ਟੀਮ ਨੇ ਮੁਲਜ਼ਮ ਨੂੰ ਫੜ ਲਿਆ। ਏਅਰਪੋਰਟ 'ਤੇ ਹੀ ਉਸ ਦਾ ਦੋਬਾਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਫਿਲਹਾਲ ਮੁਲਜ਼ਮ ਨੂੰ ਉਸ ਦੇ ਘਰ 'ਚ ਕੁਆਰੰਟਾਈਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 'ਚ ਵੀ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਨਿਯਮਾਂ ਦੇ ਪਾਲਣ ਨੂੰ ਲੈ ਕੇ ਸਖ਼ਤੀ ਵਰਤੀ ਜਾ ਰਹੀ ਹੈ।

Posted By: Jatinder Singh