ਬੋਸਟਨ (ਏਜੰਸੀ) : ਕੋਰੋਨਾ ਵਾਇਰਸ ਦੇ ਕਹਿਰ 'ਤੇ ਕੀਤੇ ਗਏ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਗਰਮ ਤੇ ਹੁੰਮਸ ਭਰੇ ਮੌਸਮ ਵਾਲੇ ਖੇਤਰਾਂ 'ਚ ਇਸ ਦਾ ਫੈਲਾਅ ਮੱਠੀ ਰਫ਼ਤਾਰ ਨਾਲ ਹੁੰਦਾ ਹੈ। ਇਹੀ ਕਾਰਨ ਹੈ ਕਿ ਕਈ ਏਸ਼ੀਆਈ ਦੇਸ਼, ਜਿੱਥੇ ਮੌਨਸੂਨ ਵਰਗੇ ਹਾਲਾਤ ਹਨ, ਵਿਚ ਇਸ ਦਾ ਵਿਸਥਾਰ ਘੱਟ ਦੇਖਣ ਨੂੰ ਮਿਲਿਆ ਹੈ।

ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਾਨਾਲੋਜੀ (ਐੱਮਆਈਟੀ) ਦੇ ਕਾਮਿਸ ਬੁਖ਼ਾਰੀ ਸਮੇਤ ਹੋਰ ਵਿਗਿਆਨੀਆਂ ਨੇ ਕੋਵਿਡ-19 ਦੀ ਚਪੇਟ 'ਚ ਆਏ ਇਲਾਕਿਆਂ ਦੇ ਹਾਲਾਤ 'ਤੇ ਅਧਿਐਨ ਕਰ ਕੇ ਇਹ ਨਤੀਜਾ ਕੱਢਿਆ ਹੈ। ਇਹ ਅਧਿਐਨ ਇਨ੍ਹਾਂ ਇਲਾਕਿਆਂ ਦੇ ਤਾਪਮਾਨ ਤੇ ਨਮੀ ਨੂੰ ਆਧਾਰ ਬਣਾ ਕੇ ਕੀਤਾ ਗਿਆ ਸੀ। ਅਧਿਐਨ ਦੇ ਇਨ੍ਹਾਂ ਨਤੀਜਿਆਂ ਨੂੰ ਮਸ਼ਹੂਰ ਜਰਨਲ ਐੱਸਐੱਸਆਰਐੱਨ 'ਚ ਸ਼ਾਮਲ ਕੀਤਾ ਹੈ। ਇਸ ਦੇ ਨਤੀਜਿਆਂ 'ਚ ਦੇਖਿਆ ਗਿਆ ਕਿ ਨੋਵੇਲ ਕੋਰੋਨਾ ਵਾਇਰਸ ਤੇ ਸਾਰਸ-ਕੋਵਿਡ-2 ਦੇ ਵਿਸਥਾਰ ਵਾਲੇ 90 ਫ਼ੀਸਦੀ ਮਾਮਲੇ ਤਿੰਨ ਤੋਂ 17 ਡਿਗਰੀ ਤਾਪਮਾਨ ਵਾਲੇ ਖੇਤਰਾਂ 'ਚ ਪਾਏ ਗਏ। ਇਨ੍ਹਾਂ ਇਲਾਕਿਆਂ 'ਚ ਨਮੀ ਦਾ ਪੱਧਰ 4 ਤੋਂ 9 ਗ੍ਰਾਮ ਪ੍ਰਤੀ ਘਨ ਮੀਟਰ ਪਾਇਆ ਗਿਆ। ਇਸ ਨੂੰ ਸਰਲ ਸ਼ਬਦਾਂ 'ਚ ਇਸ ਤਰ੍ਹਾਂ ਸਮਿਝਆ ਜਾ ਸਕਦਾ ਹੈ ਕਿ ਪ੍ਰਤੀ ਘਨ ਮੀਟਰ ਵਾਤਾਵਰਨ 'ਚ ਚਾਰ ਤੋਂ ਨੌਂ ਗ੍ਰਾਮ ਹੀ ਪਾਣੀ ਵਾਸ਼ਪ ਹੋਵੇ।

ਐੱਮਆਈਟੀ ਦੇ ਵਿਗਿਆਨੀਆਂ ਮੁਤਾਬਕ ਜਿਨ੍ਹਾਂ ਦੇਸ਼ਾਂ 'ਚ ਜਨਵਰੀ ਤੋਂ ਮਾਰਚ ਵਿਚਕਾਰ ਤਾਪਮਾਨ 19 ਡਿਗਰੀ ਸੈਲਸੀਅਸ ਤੋਂ ਵੱਧ ਤੇ ਨਮੀ 9 ਗ੍ਰਾਮ ਪ੍ਰਤੀ ਘਨ ਮੀਟਰ ਰਹੀ ਜਿੱਥੇ ਸਿਰਫ਼ ਛੇ ਫ਼ੀਸਦੀ ਮਾਮਲੇ ਦੇਖੇ ਗਏ।

ਵਿਗਿਆਨੀਆਂ ਨੇ ਦੇਖਿਆ ਕਿ ਇਸ ਮਿਆਦ 'ਚ ਜਿਨ੍ਹਾਂ ਏਸ਼ੀਆਈ ਦੇਸ਼ਾਂ 'ਚ ਮੌਨਸੂਨ ਸਰਗਰਮ ਰਿਹਾ ਉੱਥੇ ਕੋਰੋਨਾ ਦੇ ਵਿਸਥਾਰ ਦੀ ਰਫ਼ਤਾਰ ਮੱਠੀ ਰਹੀ ਕਿਉਂਕਿ ਉੱਥੇ ਨਮੀ ਦਾ ਪੱਧਰ 10 ਗ੍ਰਾਮ ਪ੍ਰਤੀ ਘਨ ਮੀਟਰ ਤੋਂ ਵੱਧ ਰਿਹਾ।

ਅਮਰੀਕਾ 'ਚ ਉੱਤਰ ਦੱਖਣੀ ਇਲਾਕੇ 'ਚ ਵੀ ਇਸਦੇ ਵਿਸਤਾਰ ਦੀ ਰਫ਼ਤਾਰ ਵੱਖ-ਵੱਖ ਦੇਖੀ ਗਈ। ਉੱਤਰੀ ਹਿੱਸੇ 'ਚ ਜਿਹੜਾ ਇਸ ਸਮੇਂ 'ਚ ਠੰਢਾ ਰਿਹਾ ਉੱਥੇ ਕੋਰੋਨਾ ਦੇ ਮਾਮਲੇ ਵੱਧ ਸਾਹਮਣੇ ਆਏ ਜਦਕਿ ਦੱਖਣ 'ਚ ਜਿਹੜਾ ਇਸ ਸਮੇਂ ਦੌਰਾਨ ਮੁਕਾਬਲਤਨ ਗਰਮ ਰਹਿੰਦਾ ਹੈ ਉੱਥੇ ਹਾਲਾਤ ਵੱਖ ਰਹੇ। ਦੱਖਣ ਦੇ ਟੈਕਸਾਸ, ਨਿਊ ਮੈਕਸੀਕੋ ਤੇ ਐਰੀਜ਼ੋਨਾ ਸੂਬੇ 'ਚ ਕੋਰੋਨਾ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ। ਕੈਲੀਫੋਰਨੀਆ ਸੂਬੇ 'ਚ ਜਿੱਥੇ ਉੱਤਰ ਤੇ ਦੱਖਣੀ ਖੇਤਰ ਦੇ ਪੌਣਪਾਣੀ 'ਚ ਵੱਡਾ ਫ਼ਰਕ ਰਹਿੰਦਾ ਹੈ ਉੱਥੇ ਵੀ ਇਹੀ ਚੀਜ਼ ਦੇਖਣ ਨੂੰ ਮਿਲੀ। ਉੱਤਰ ਦੇ ਮੁਕਾਬਲੇ ਗਰਮ ਦੱਖਣੀ ਹਿੱਸੇ 'ਚ ਇਸ ਬਿਮਾਰੀ ਦਾ ਅਸਰ ਵਧੇਰੇ ਪਾਇਆ ਗਿਆ।

ਖੋਜਾਰਥੀਆਂ ਨੇ ਦੱਸਿਆ ਕਿ ਏਸ਼ੀਆ ਦੇ ਵੱਡੇ ਹਿੱਸੇ ਤੋਂ ਇਲਾਵਾ ਪੱਛਮੀ ਏਸ਼ੀਆ ਤੇ ਦੱਖਣੀ ਅਮਰੀਕਾ ਦੇ ਦੇਸ਼ਾਂ 'ਚ ਇਸ ਬਿਮਾਰੀ ਦਾ ਉਸ ਤਰ੍ਹਾਂ ਦਾ ਕਹਿਰ ਨਹੀਂ ਦੇਖਿਆ ਗਿਆ ਕਿ ਚੀਨ, ਯੂਰੋਪ ਤੇ ਅਮਰੀਕਾ 'ਚ ਹੈ। ਜਦਕਿ ਇਨ੍ਹਾਂ ਦੇਸ਼ਾਂ ਨੇ ਲਾਕਡਾਊਨ ਕੇ ਕੁਆਰੰਟਾਈਨ ਵਰਗੇ ਸਖ਼ਤ ਕਦਮ ਵੀ ਨਹੀਂ ਚੁੱਕੇ।

ਹਾਲਾਂਕਿ ਵਿਗਿਆਨੀਆਂ ਨੇ ਕਿਹਾ ਹੈ ਕਿ ਅਜੇ ਬਹੁਤ ਸਾਰੀਆਂ ਗੱਲਾਂ ਅਸੀਂ ਨਹੀਂ ਜਾਣ ਸਕੇ ਹਾਂ। ਇਸ ਲਈ ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਗਰਮ ਤੇ ਨਮੀ ਵਾਲੇ ਦੇਸ਼ਾਂ 'ਚ ਇਹ ਨਹੀਂ ਫੈਲੇਗਾ।