ਬੀਜਿੰਗ (ਪੀਟੀਆਈ) : ਕੋਵਿਡ-19 ਨੂੰ ਲੈ ਕੇ ਇਕ ਅਧਿਐਨ 'ਚ ਇਹ ਸਾਹਮਣੇ ਆਇਆ ਹੈ ਕਿ ਕੋਰੋਨਾ ਵਾਇਰਸ ਮਾਸਕ ਦੀ ਬਾਹਰੀ ਤਹਿ ਇਕ ਹਫ਼ਤੇ ਤਕ ਅਤੇ ਕਰੰਸੀ ਨੋਟ, ਸਟੇਨਲੈੱਸ ਸਟੀਲ ਅਤੇ ਪਲਾਸਟਿਕ ਦੇ ਤਲ 'ਤੇ ਕਈ-ਕਈ ਦਿਨ ਜ਼ਿੰਦਾ ਰਹਿ ਸਕਦਾ ਹੈ। ਹਾਲਾਂਕਿ ਘਰੇਲੂ ਕੀਟਨਾਸ਼ਕਾਂ, ਬਲੀਚ ਅਤੇ ਸਾਬਣ ਨਾਲ ਲਗਾਤਾਰ ਹੱਥ ਧੋ ਕੇ ਇਸ ਦਾ ਸਫਾਇਆ ਕੀਤਾ ਜਾ ਸਕਦਾ ਹੈ।

ਹਾਂਗਕਾਂਗ ਯੂਨੀਵਰਸਿਟੀ ਦੇ ਖੋਜੀਆਂ ਨੇ ਆਪਣੇ ਅਧਿਐਨ ਦੇ ਸਿੱਟਿਆਂ ਦੇ ਆਧਾਰ 'ਤੇ ਦੱਸਿਆ ਕਿ ਸਟੇਨਲੈੱਸ ਸਟੀਲ ਅਤੇ ਪਲਾਸਟਿਕ ਦੇ ਤਲ 'ਤੇ ਇਹ ਵਾਇਰਸ ਚਾਰ ਦਿਨਾਂ ਤਕ ਜ਼ਿੰਦਾ ਰਹਿ ਸਕਦਾ ਹੈ। ਮਾਸਕ ਦੇ ਬਾਹਰੀ ਤਲ 'ਤੇ ਇਹ ਹਫ਼ਤੇ ਤਕ ਸਰਗਰਮ ਰਹਿ ਸਕਦਾ ਹੈ। ਇਹ ਜਾਣਕਾਰੀ ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਦਿੱਤੀ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਹੈਲਥ ਦੇ ਲਿਓ ਪੂਨ ਲਿਟਮੈਨ ਮਲਿਕ ਪੀਰਿਸ ਨੇ ਕਿਹਾ ਕਿ ਇਹ ਵਾਇਰਸ ਅਨੁਕੂਲ ਹਾਲਾਤ ਵਿਚ ਲੰਬੇ ਸਮੇਂ ਤਕ ਸਰਗਰਮ ਬਣਿਆ ਰਹਿੰਦਾ ਹੈ। ਹਾਲਾਂਕਿ ਮਾਨਕ ਕੀਟਨਾਸ਼ਕਾਂ ਨਾਲ ਇਸ ਦਾ ਸਫਾਇਆ ਵੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਇਨ੍ਹਾਂ ਦੋਵਾਂ ਖੋਜੀਆਂ ਨੇ ਕਮਰੇ ਦੇ ਤਾਪਮਾਨ 'ਤੇ ਵੱਖ-ਵੱਖ ਤਲਾਂ 'ਤੇ ਇਸ ਦੀ ਸਰਗਰਮੀ ਦਾ ਪਤਾ ਲਗਾਇਆ ਹੈ। ਇਨ੍ਹਾਂ ਨੇ ਵੇਖਿਆ ਕਿ ਛਪੇ ਹੋਏ ਕਾਗਜ਼ ਅਤੇ ਟਿਸ਼ੂ ਪੇਪਰ 'ਤੇ ਇਹ ਤਿੰਨ ਘੰਟੇ ਸਰਗਰਮ ਰਿਹਾ ਜਦਕਿ ਲੱਕੜੀ ਅਤੇ ਕੱਪੜੇ 'ਤੇ ਇਹ ਇਕ ਦਿਨ ਤਕ ਬਣਿਆ ਰਿਹਾ। ਕੱਚ ਅਤੇ ਬੈਂਕ ਨੋਟ 'ਤੇ ਚਾਰ ਦਿਨ ਬਾਅਦ ਹੀ ਇਸ ਦਾ ਸਫਾਇਆ ਹੋ ਸਕਿਆ। ਸਟੇਨਲੈੱਸ ਸਟੀਲ ਅਤੇ ਪਲਾਸਟਿਕ ਦੇ ਤਲ ਤੋਂ ਪੂਰੀ ਤਰ੍ਹਾਂ ਖ਼ਤਮ ਹੋਣ ਵਿਚ ਇਸ ਨੂੰ ਚਾਰ ਤੋਂ ਸੱਤ ਦਿਨ ਲੱਗ ਗਏ।

ਖੋਜੀਆਂ ਅਨੁਸਾਰ ਇਹ ਅਚੰਭੇ ਦੀ ਗੱਲ ਸੀ ਕਿ ਮਾਸਕ ਦੀ ਬਾਹਰੀ ਤਹਿ 'ਤੇ ਇਹ ਸੱਤ ਦਿਨ ਤਕ ਸਰਗਰਮ ਬਣਿਆ ਰਿਹਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਮਾਸਕ ਦੀ ਵਰਤੋਂ ਕਰੋ ਤਾਂ ਉਪਰਲੇ ਤਲ ਨੂੰ ਕਦੇ ਵੀ ਹੱਥ ਨਾ ਲਗਾਉ। ਇਸ ਨਾਲ ਤੁਹਾਡੇ ਹੱਥਾਂ ਤੋਂ ਹੋ ਕੇ ਵਾਇਰਸ ਮੂੁੰਹ ਅਤੇ ਅੱਖਾਂ ਵਿਚ ਪੁੱਜ ਸਕਦਾ ਹੈ। ਖੋਜੀਆਂ ਨੇ ਦੱਸਿਆ ਕਿ ਹੋਰ ਤਲਾਂ 'ਤੇ ਇਹ ਵਾਇਰਸ ਸਮਾਂ ਬੀਤਣ ਨਾਲ ਤੇਜ਼ੀ ਨਾਲ ਖ਼ਤਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਲੈਬ ਵਿਚ ਸੁਰੱਖਿਆ ਤਰੀਕਿਆਂ ਨੂੰ ਅਪਣਾਉਂਦੇ ਹੋਏ ਬਿਨਾਂ ਉਂਗਲੀ ਜਾਂ ਹੱਥ ਲਗਾਏ ਕੀਤੀ ਗਈ ਹੈ। ਇਨ੍ਹਾਂ ਨਤੀਜਿਆਂ ਤੋਂ ਇਹ ਨਹੀਂ ਦੱਸਿਆ ਜਾ ਸਕਦਾ ਕਿ ਪ੍ਰਭਾਵਿਤ ਤਲ ਦੇ ਸੰਪਰਕ 'ਚ ਆ ਕੇ ਕਿਸੇ ਦੇ ਪ੍ਰਭਾਵਿਤ ਹੋਣ ਦੀ ਕਿੰਨੀ ਸੰਭਾਵਨਾ ਹੈ।

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਨੇਚਰ ਜਰਨਲ ਵਿਚ ਪ੍ਰਕਾਸ਼ਿਤ ਅਮਰੀਕੀ ਖੋਜੀਆਂ ਦੀ ਰਿਪੋਰਟ ਵਿਚ ਵੀ ਅਲੱਗ-ਅਲੱਗ ਤਲਾਂ 'ਤੇ ਕੋਵਿਡ-19 ਦੀ ਸਰਗਰਮੀ ਦੇ ਬਾਰੇ ਵਿਚ ਰਿਪੋਰਟ ਪ੍ਰਕਾਸ਼ਿਤ ਹੋਈ ਸੀ ਜਿਸ ਵਿਚ ਇਸ ਵਾਇਰਸ ਦੇ ਪਲਾਸਟਿਕ ਅਤੇ ਸਟੀਲ ਦੇ ਤਲ 'ਤੇ 72 ਘੰਟੇ ਅਤੇ ਤਾਂਬੇ ਦੇ ਤਲ 'ਤੇ 24 ਘੰਟੇ ਜ਼ਿੰਦਾ ਰਹਿਣ ਦੀ ਗੱਲ ਕਹੀ ਗਈ ਸੀ। ਹਾਂਗਕਾਂਗ ਯੂਨੀਵਰਸਿਟੀ ਦੇ ਦੋਵਾਂ ਖੋਜੀਆਂ ਨੇ ਕਿਹਾ ਕਿ ਇਸ ਵਾਇਰਸ ਤੋਂ ਬਚਾਅ ਦਾ ਫਿਲਹਾਲ ਸਭ ਤੋਂ ਵਧੀਆ ਤਰੀਕਾ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹਿਣਾ ਹੈ। ਨਾਲ ਹੀ ਅਸੀਂ ਲੋਕ ਮੂੰਹ ਅਤੇ ਅੱਖਾਂ ਨੂੰ ਘੱਟ ਤੋਂ ਘੱਟ ਛੂਹੀਏ ਕਿਉਂਕਿ ਵਾਇਰਸ ਦੀ ਲਪੇਟ ਵਿਚ ਆਉਣ ਦਾ ਇਹੀ ਇਕ ਵੱਡਾ ਕਾਰਨ ਹੈ।