ਜੇਨੇਵਾ, ਪੀਟੀਆਈ : ਸਰਦੀ-ਜ਼ੁਕਾਮ ਵਰਗੀ ਪਰੇਸ਼ਾਨੀ ਪੈਦਾ ਕਰਨ ਵਾਲੇ ਕੋਰੋਨਾ ਵਾਇਰਸ ਖ਼ਿਲਾਫ਼ ਜਿਨ੍ਹਾਂ ਲੋਕਾਂ ਦੀ ਪ੍ਰਤੀਰੋਕੂ ਸਮਰੱਥਾ ਮਜ਼ਬੂਤ ਹੁੰਦੀ ਹੈ, ਉਨ੍ਹਾਂ ’ਚ ਕੋਵਿਡ-19 ਨਾਲ ਲੜਨ ਦੀ ਤਾਕਤ ਜ਼ਿਆਦਾ ਹੋ ਜਾਂਦੀ ਹੈ। ਖੋਜਕਰਤਾਵਾਂ ਨੇ ਇਹ ਦਾਅਵਾ ਨੇਚਰ ਕਮਿਊਨਿਕੇਸ਼ਨ ਨਾਂ ਦੇ ਮੈਗਜ਼ੀਨ ’ਚ ਛਪੇ ਹਾਲੀਆ ਅਧਿਐਨ ’ਚ ਕੀਤਾ ਹੈ। ਖੋਜਕਰਤਾਵਾਂ ਨੇ ਸਾਰਸ ਸੀਓਵੀ-2 ਦੇ ਸਾਹਮਣੇ ਆਉਣ ਤੋਂ ਪਹਿਲਾਂ ਚਾਰ ਹੋਰ ਮਨੁੱਖੀ ਕੋਰੋਨਾ ਵਾਇਰਸ ਦੇ ਵਿਸ਼ਲੇਸ਼ਣ ਲਈ 825 ਨਮੂਨੇ ਲਏ ਸਨ। ਬਾਅਦ ’ਚ ਸਾਰਸ ਸੀਓਵੀ-2 ਨਾਲ ਇਨਫੈਕਟਿਡ 389 ਲੋਕਾਂ ਦੇ ਨਮੂਨਿਆਂ ਦਾ ਵੀ ਪ੍ਰੀਖਣ ਕੀਤਾ ਗਿਆ। ਕੰਪਿਊਟਰ ਆਧਾਰਤ ਮਾਡਲ ਦੇ ਨਾਲ ਇਨ੍ਹਾਂ ਵਿਸ਼ਲੇਸ਼ਣਾਂ ਦਾ ਮੇਲ ਕਰਨ ਦੇ ਬਾਅਦ ਖੋਜਕਰਤਾਵਾਂ ਨੇ ਸਿੱਟਾ ਕੱਢਿਆ ਕਿ ਕਿਸ ਤਰ੍ਹਾਂ ਐਂਟੀਬਾਡੀ ਹਮਲਾਵਰ ਵਾਇਰਸ ਨੂੰ ਨਕਾਰਾ ਕਰਦੀ ਹੈ। ਪਤਾ ਲੱਗਾ ਹੈ ਕਿ ਸਾਰਸ ਸੀਓਵੀ-2 ਦੀ ਗਿ੍ਫ਼ਤ ’ਚ ਆਉਣ ਵਾਲਿਆਂ ਦੀ ਐਂਟੀਬਾਡੀ ਕੋਰੋਨਾ ਵਾਇਰਸ ਦੇ ਖ਼ਿਲਾਫ਼ ਵੀ ਕਮਜ਼ੋਰ ਸੀ।

ਸਾਰਸ ਸੀਓਵੀ-2 ਨਾਲ ਕੋਵਿਡ-19 ਬਿਮਾਰੀ ਹੁੰਦੀ ਹੈ, ਜਦਕਿ ਹੋਰ ਕੋਰੋਨਾ ਵਾਇਰਸ ਸਰਦੀ-ਜੁਕਾਮ ਵਰਗੀਆਂ ਸਾਧਾਰਨ ਸਮੱਸਿਆਵਾਂ ਪੈਦਾ ਕਰਦੇ ਹਨ। ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ’ਚ ਸਾਧਾਰਨ ਕੋਰੋਨਾ ਵਾਇਰਸ ਦੇ ਖਿਲਾਫ਼ ਐਂਟੀਬਾਡੀ ਦਾ ਪੱਧਰ ਉੱਚਾ ਰਿਹਾ, ਉਨ੍ਹਾਂ ਨੂੰ ਸਾਰਸ ਸੀਓਵੀ-2 ਦੇ ਸੰਪਰਕ ’ਚ ਆਉਣ ਤੋਂ ਬਾਅਦ ਵੀ ਹਸਪਤਾਲ ’ਚ ਦਾਖ਼ਲ ਹੋਣ ਦਾ ਖ਼ਤਰਾ ਘੱਟ ਸੀ। ਸਵਿਟਜ਼ਰਲੈਂਡ ਸਥਿਤ ਯੂਨੀਵਰਸਿਟੀ ਆਫ ਜਿਊਰਿਖ ਦੇ ਐਲੇਗਜ਼ੈਂਡਰ ਟ੍ਰਕੋਲਾ ਨੇ ਕਿਹਾ, ‘ਸਾਡਾ ਅਧਿਐਨ ਇਹ ਦਰਸਾਉਂਦਾ ਹੈ ਕਿ ਹੋਰ ਕੋਰੋਨਾ ਵਾਇਰਸ ਦੇ ਖ਼ਿਲਾਫ਼ ਮਜ਼ਬੂਤ ਬਿਮਾਰੀ ਪ੍ਰਤੀਰੋਕੂ ਪ੍ਰਤੀਕ੍ਰਿਆ ਸਾਰਸ-ਸੀਓਵੀ-2 ਖ਼ਿਲਾਫ਼ ਵੀ ਕਾਫ਼ੀ ਹੱਦ ਤਕ ਰੋਕ ਪ੍ਰਤੀਰੋਕੂ ਸਮਰੱਥਾ ਨੂੰ ਵਧਾਉਂਦੀ ਹੈ।’

Posted By: Susheel Khanna