ਏਜੰਸੀ, ਬੀਜਿੰਗ : ਕੰਨ ਇਨਸਾਨ ਦੇ ਸਰੀਰ ਦਾ ਬੇਹੱਦ ਸੰਵੇਦਰਨਸ਼ੀਲ ਅੰਗ ਹੁੰਦਾ ਹੈ। ਕੰਨ ਵਿਚ ਜ਼ਰਾ ਜਿੰਨੀ ਵੀ ਸਰਸਰਾਹਟ ਜਾਂ ਤਕਲੀਫ਼ ਮਨੁੱਖ ਨੂੰ ਅਸਹਿਜ ਕਰ ਦਿੰਦੀ ਹੈ ਪਰ ਚੀਨ ਦੇ 24 ਸਾਲ ਦੇ ਇਲਵੀ ਦੇ ਕੰਨ ਵਿਚ ਕਾਕਰੋਚਾਂ ਨੇ ਘਰ ਬਣਾ ਲਿਆ ਅਤੇ ਉਸ ਨੂੰ ਕੰਨੋ ਕੰਨ ਖ਼ਬਰ ਵੀ ਨਾ ਹੋਈ। ਪਿਛਲੇ ਮਹੀਨੇ ਇਕ ਦਿਨ ਜਦੋਂ ਬਹੁਤ ਤੇਜ਼ ਦਰਦ ਹੋਇਆ ਤਾਂ ਉਹ ਈਐੱਨਟੀ ਡਾਕਟਰ ਕੋਲ ਗਿਆ। ਉਸ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਨੂੰ ਇੰਜ ਲਗਦਾ ਹੈ ਕਿ ਜਿਵੇਂ ਕੰਨ ਵਿਚ ਕੁਝ ਰੇਂਗਦਾ ਹੈ,ਜਿਵੇਂ ਕੁਝ ਕੁਤਰ ਰਿਹਾ ਹੈ। ਇਸ ਤੋਂ ਬਾਅਦ ਸ਼ੁਰੂ ਹੋਇਆ ਜਾਂਚ ਦਾ ਸਿਲਸਿਲਾ।

ਗਵਾਂਗਡੋਂਗ ਸੂਬੇ ਦੇ ਹੁਆਂਗ ਜ਼ਿਲ੍ਹੇ ਦੇ ਸਨੇਹ ਹਸਪਤਾਲ ਵਿਚ ਡਾਕਟਰ ਨੇ ਜਦੋਂ ਬਾਰੀਕੀ ਨਾਲ ਜਾਂਚ ਦੀ ਤਾਂ ਉਸ ਦੇ ਹੋਸ਼ ਉਡ ਗਏ। ਡਾਕਟਰ ਨੇ ਦੱਸਿਆ ਕਿ ਤੁਹਾਡੇ ਕੰਨ ਨੂੰ ਕਾਕਰੋਚਾਂ ਨੇ ਆਪਣਾ ਘਰ ਬਣਾ ਲਿਆ ਹੈ। ਈਐਨਟੀ ਮਾਹਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਦੌਰਾਨ ਦੇਖਿਆ ਅਤੇ ਉਨ੍ਹਾਂ ਨੂੰ 10 ਤੋਂ ਜ਼ਿਆਦਾ ਕਾਕਰੋਚ ਦੇ ਜ਼ਿੰਦਾ ਬੱਚੇ ਮਿਲੇ ਜੋ ਕੰਨ ਅੰਦਰ ਇਧਰ ਉਧਰ ਘੁੰਮ ਰਹੇ ਸਨ। ਡਾਕਟਰਾਂ ਮੁਤਾਬਕ ਕਾਲੇ ਅਤੇ ਭੂਰੇ ਰੰਗ ਵਾਲੀ ਮਾਦਾ ਕਾਕਰੋਚਾਂ ਦੀ ਤੁਲਨਾ ਵਿਚ ਬੱਚਿਆਂ ਦਾ ਰੰਗ ਹਲਕਾ ਸੀ।

ਮਾਹਰਾਂ ਨੇ ਸਭ ਤੋਂ ਪਹਿਲਾਂ ਚਿਮਟੀ ਦੀ ਮਦਦ ਨਾਲ ਪਹਿਲਾਂ ਵੱਡੇ ਸਰੀਰ ਵਾਲੀ ਮਾਦਾ ਕਾਕਰੋਚ ਕੱਢੀ ਅਤੇ ਫਿਰ ਇਕ ਇਕ ਕਰਕੇ ਬੱਚੇ ਬਾਹਰ ਕੱਢੇ। ਕੰਨ ਵਿਚ ਕਾਕਰੋਚ ਕਿਵੇਂ ਪਹੁੰਚੇ ਇਸ ਬਾਰੇ ਰਿਪੋਰਟਾਂ ਵਿਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ। ਦਰਅਸਲ ਇਸ ਵਿਅਕਤੀ ਨੂੰ ਇਕ ਬੁਰੀ ਆਦਤ ਸੀ। ਰਾਤ ਨੂੰ ਬਚਿਆ ਖਾਣਾ ਬੈੱਡ 'ਤੇ ਰੱਖ ਹੀ ਸੌਂ ਜਾਣ ਦੀ। ਇਸੇ ਚੱਕਰ ਵਿਚ ਇਕ ਮਾਦਾ ਕਾਕਰੋਚ ਇਸ ਦੇ ਕੰਨ ਵਿਚ ਵੜ੍ਹ ਗਈ ਅਤੇ ਅੰਦਰ ਉਸ ਨੇ ਦਸ ਆਂਡੇ ਦੇ ਦਿੱਤੇ। ਫਿਲਹਾਲ ਕੰਨ ਵਿਚੋਂ ਕਾਕਰੋਚਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਇਲਵੀ ਨੂੰ ਵੀ ਆਰਾਮ ਮਿਲ ਗਿਆ ਹੈ।

Posted By: Susheel Khanna