ਮੈਡਿ੍ਡ (ਰਾਇਟਰ) : ਜਲਵਾਯੂ ਪਰਿਵਰਤਨ 'ਤੇ ਆਪਣੀ ਮੁਹਿੰਮ ਨਾਲ ਸੁਰਖੀਆਂ ਵਿਚ ਆਈ 16 ਸਾਲ ਦੀ ਵਾਤਾਵਰਨ ਵਰਕਰ ਗ੍ਰੇਟਾ ਥਨਬਰਗ ਸ਼ੁੱਕਰਵਾਰ ਨੂੰ ਸਪੇਨ ਦੀ ਰਾਜਧਾਨੀ ਮੈਡਿ੍ਡ ਪੁੱਜ ਗਈ। ਉਹ ਇਥੇ ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਦੇ ਨਾਲ ਹੀ ਇਕ ਮਾਰਚ ਵਿਚ ਵੀ ਹਿੱਸਾ ਲਵੇਗੀ। ਇਹ ਮਾਰਚ ਵਿਸ਼ਵ ਦੇ ਨੇਤਾਵਾਂ ਤੋਂ ਜਲਵਾਯੂ ਪਰਿਵਰਤਨ ਖ਼ਿਲਾਫ਼ ਸਹੀ ਮਾਅਨੇ ਵਿਚ ਕਦਮ ਚੁੱਕਣ ਦੀ ਮੰਗ ਨੂੰ ਲੈ ਕੇ ਕੱਢਿਆ ਜਾਣਾ ਹੈ। ਇਸ ਵਿਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਜਲਵਾਯੂ ਪਰਿਵਰਤਨ 'ਤੇ ਯੁਵਾ ਅੰਦੋਲਨ ਦਾ ਵਿਸ਼ਵ 'ਚ ਚਿਹਰਾ ਬਣ ਕੇ ਉੱਭਰੀ ਸਵੀਡਨ ਦੀ ਗ੍ਰੇਟਾ ਨੇ ਮੈਡਿ੍ਡ ਪੁੱਜਣ ਲਈ ਕਾਰਬਨ ਮੁਕਤ ਵਾਹਨ ਅਪਣਾਇਆ। ਇਸ ਲਈ ਉਹ ਇਕ ਕਿਸ਼ਤੀ ਰਾਹੀਂ ਐਟਲਾਂਟਿਕ ਮਹਾਸਾਗਰ ਪਾਰ ਕਰ ਕੇ ਪਿਛਲੇ ਹਫ਼ਤੇ ਅਮਰੀਕਾ ਤੋਂ ਪੁਰਤਗਾਲ ਦੀ ਰਾਜਧਾਨੀ ਲਿਸਬਨ ਪੁੱਜੀ। ਇਸ ਪਿੱਛੋਂ ਮੈਡਿ੍ਡ ਤਕ ਦਾ ਸਫ਼ਰ ਉਨ੍ਹਾਂ ਨੇ ਰੇਲ ਗੱਡੀ ਅਤੇ ਇਲੈਕਟਿ੍ਕ ਕਾਰ ਰਾਹੀਂ ਕੀਤਾ।

ਗ੍ਰੇਟਾ ਨੇ 23 ਸਤੰਬਰ ਨੂੰ ਜਲਵਾਯੂ ਪਰਿਵਰਤਨ 'ਤੇ ਆਪਣੀਆਂ ਚਿੰਤਾਵਾਂ ਅਤੇ ਸਵਾਲਾਂ ਨਾਲ ਦੁਨੀਆ ਨੂੰ ਹਿਲਾ ਦਿੱਤਾ ਸੀ। ਸੰਯੁਕਤ ਰਾਸ਼ਟਰ ਵਿਚ ਆਪਣੇ ਭਾਵਨਾਤਮਕ ਭਾਸ਼ਣ ਵਿਚ ਉਨ੍ਹਾਂ ਨੇ ਦੁਨੀਆ ਭਰ ਦੇ ਨੇਤਾਵਾਂ ਨੂੰ ਕਿਹਾ ਸੀ ਕਿ ਤੁਸੀਂ ਸਾਡਾ ਬਚਪਨ ਅਤੇ ਸੁਪਨੇ ਖੋਹ ਲਏ। ਤੁਹਾਡੀ ਹਿੰਮਤ ਕਿਵੇਂ ਹੋਈ? ਇਸ ਲਈ ਤੁਹਾਨੂੰ ਮਾਫ਼ ਨਹੀਂ ਕਰਾਂਗੀ। ਗ੍ਰੇਟਾ ਨੇ ਆਪਣੇ ਅੰਦੋਲਨ ਰਾਹੀਂ ਸਿਰਫ਼ ਇਕ ਸਾਲ ਅੰਦਰ ਪੂਰੀ ਦੁਨੀਆ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਪੇ੍ਰਿਤ ਕੀਤਾ ਹੈ।