ਕੈਨੇਡਾ : ਟੋਰਾਂਟੋ ਸਿਟੀ ਪ੍ਰਸ਼ਾਸਨ ’ਚ ਕੰਮ ਕਰਦੇ 100 ਤੋਂ ਜ਼ਿਆਦਾ ਸਿੱਖ ਸੁਰੱਖਿਆ ਗਾਰਡਾਂ ਨੂੰ ਦਾਡ਼੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਇਸ ਫ਼ੈਸਲੇ ਖ਼ਿਲਾਫ਼ ਸਿੱਖ ਜਗਤ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਸ਼ਵ ਸਿੱਖ ਸੰਗਠਨ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਟਰੂਡੋ ਪ੍ਰਸ਼ਾਸਨ ਨੂੰ ਇਨ੍ਹਾਂ ਸਿੱਖਾਂ ਨੂੰ ਨੌਕਰੀ ’ਤੇ ਬਹਾਲ ਕਰਨ ਦੀ ਮੰਗ ਕੀਤੀ ਹੈ। ਕੋਰੋਨਾ ਤੋਂ ਬਚਾਅ ਲਈ ਜਾਰੀ ਨਵੇਂ ਨਿਯਮਾਂ ਮੁਤਾਬਕ ਸੁਰੱਖਿਆ ਗਾਰਡ ਲਈ ਐੱਨ-95 ਮਾਸਕ ਪਾਉਣਾ ਲਾਜ਼ਮੀ ਹੈ। ਇਹ ਮਾਸਕ ਕਲੀਨ ਸ਼ੇਵਡ ਵਿਅਕਤੀਆਂ ਦੇ ਚਿਹਰੇ ’ਤੇ ਫਿੱਟ ਬੈਠਦਾ ਹੈ। ਦਾਡ਼੍ਹੀ ਕਾਰਨ ਸਿੱਖ ਮੁਲਾਜ਼ਮ ਇਹ ਮਾਸਕ ਸਹੀ ਤਰੀਕੇ ਨਾਲ ਨਹੀਂ ਲਗਾ ਸਕਦੇ। ਇਸੇ ਲਈ ਪਿਛਲੇ ਹਫ਼ਤੇ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਤੇ ਦਾਡ਼੍ਹੀ ’ਚੋਂ ਕਿਸੇ ਇਕ ਚੀਜ਼ ਦੀ ਚੋਣ ਕਰਨ ਲਈ ਕਿਹਾ ਸੀ। ਇਸ ਮਗਰੋਂ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਾਈਟਾਂ ’ਤੇ ਸੁਰੱਖਿਆ ਗਾਰਡਾਂ ਲਈ ਕਲੀਨ ਸ਼ੇਵਡ ਵਿਅਕਤੀਆਂ ਦੀ ਭਰਤੀ ਸ਼ੁਰੂ ਕਰ ਦਿੱਤੀ ਤੇ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਤੋਂ ਕੱਢ ਦਿੱਤਾ।

ਇਕ ਸਿੱਖ ਗਾਰਡ ਬੀਰਕੰਵਲ ਸਿੰਘ ਆਨੰਦ ਨੇ ਕਿਹਾ ਕਿ ਉਹ ਇਕ ਸਿੱਖ ਹੈ ਤੇ ਉਸ ਲਈ ਦਾਡ਼੍ਹੀ ਕੱਟਣਾ ਕੋਈ ਬਦਲ ਨਹੀਂ ਹੈ। ਹਾਂ, ਉਹ ਆਪਣੇ ਪੂਰੇ ਚਿਹਰੇ ’ਤੇ ਮਾਸਕ ਪਾਉਣ ਲਈ ਤਿਆਰ ਹੈ। ਪਰ ਅਧਿਕਾਰੀਆਂ ਨੇ ਉਸਨੂੰ ਕਿਹਾ ਕਿ ਜੇਕਰ ਉਹ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਦਾਡ਼੍ਹੀ ਕੱਟਣੀ ਹੀ ਪਵੇਗੀ।

ਵਿਸ਼ਵ ਸਿੱਖ ਸੰਗਠਨ ਦੇ ਪ੍ਰਧਾਨ ਤਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਬਿਲਕੁਲ ਗ਼ਲਤ ਹੈ ਕਿ ਮਹਾਮਾਰੀ ਦੌਰਾਨ ਸਿਰਫ਼ ਦਾਡ਼੍ਹੀ ਕਾਰਨ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਤੋਂ ਬਰਾਖ਼ਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਆਪਣਾ ਫ਼ੈਸਲਾ ਵਾਪਸ ਲੈ ਕੇ ਸਿੱਖ ਗਾਰਡਾਂ ਦੀ ਬਹਾਲੀ ਕਰਨ ਦੀ ਮੰਗ ਕੀਤੀ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕਰ ਕੇ ਇਸ ਨਿਯਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਦਾਡ਼੍ਹੀ ਤੇ ਮੁੱਛਾਂ ਸਿੱਖਾਂ ਦੀ ਪਛਾਣ ਤੇ ਸ਼ਾਨ ਹੈ। ਸਿਟੀ ਪ੍ਰਸ਼ਾਸਨ ਨੂੰ ਇਹ ਨਿਯਮ ਫ਼ੌਰੀ ਤੌਰ ’ਤੇ ਰੱਦ ਕਰਨਾ ਚਾਹੀਦਾ ਹੈ।

ਇਸੇ ਦੌਰਾਨ ਪ੍ਰਸ਼ਾਸਨ ਨੇ ਗੱਲ ਠੇਕੇਦਾਰਾਂ ’ਤੇ ਸੁੱਟ ਦਿੱਤੀ ਹੈ। ਇਕ ਈਮੇਲ ਜਾਰੀ ਕਰਕੇ ਸਿਟੀ ਆਫ ਟੋਰਾਂਟੋ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਸ਼ਿਕਾਇਤ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਸਾਰੇ ਕਾਮੇ ਠੇਕੇਦਾਰਾਂ ਵੱਲੋਂ ਭਰਤੀ ਕੀਤੇ ਗਏ ਹਨ ਨਾ ਕਿ ਉਸ ਦੀ ਕਾਰਪੋਰੇਟ ਸੁਰੱਖਿਆ ਡਿਵੀਜ਼ਨ ਵੱਲੋਂ। ਓਧਰ ਸ਼ਹਿਰ ਦੇ ਮੇਅਰ ਨੇ ਵੀ ਕਾਂਟ੍ਰੈਕਟਰਾਂ ਨੂੰ ਇਸ ਮਸਲੇ ਦਾ ਹੱਲ ਲੱਭਣ ਤੇ ਸਿੱਖਾਂ ਦੀ ਤੁਰੰਤ ਬਹਾਲੀ ਦਾ ਸੁਝਾਅ ਦਿੱਤਾ ਹੈ।

ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਕਿ ਦਾੜ੍ਹੀ ਤੇ ਮੁੱਛਾਂ ਸਿੱਖ ਦੀ ਸ਼ਾਨ ਤੇ ਪਛਾਣ ਹੁੰਦੇ ਹਨ। ਟੋਰਾਂਟੋ ਸਿਟੀ ਪ੍ਰਸ਼ਾਸਨ ਨੂੰ ਨਿਯਮ ਬਦਲਣ ਦਾ ਹੁਕਮ ਵਾਪਸ ਲੈਣਾ ਚਾਹੀਦਾ ਹੈ। ਇਸ ਨੇ ਪੂਰੇ ਸਿੱਖ ਜਗਤ 'ਚ ਰੋਸ ਪੈਦਾ ਕਰ ਦਿੱਤਾ ਹੈ।

Posted By: Seema Anand