ਕੋਲੰਬੋ (ਏਐੱਨਆਈ) : ਸ੍ਰੀਲੰਕਾ 'ਚ ਚੀਨ ਦੀ ਕੋਵਿਡ-19 ਵੈਕਸੀਨ ਸਾਈਨੋਫਾਰਮ ਦੀ ਵਰਤੋਂ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਹੁਣ ਉਹ 1.4 ਕਰੋੜ ਲੋਕਾਂ ਦੇ ਟੀਕਾਕਰਨ ਲਈ ਭਾਰਤ ਵਿਚ ਤਿਆਰ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਕਰੇਗਾ।

ਕੈਬਨਿਟ ਦੇ ਸਹਾਇਕ ਬੁਲਾਰੇ ਡਾ. ਰਮੇਸ਼ ਪਥਿਰਾਨਾ ਮੁਤਾਬਕ ਚੀਨ ਦੀ ਵੈਕਸੀਨ ਸਾਈਨੋਫਾਰਮ ਨੇ ਅਜੇ ਤਕ ਫੇਜ਼-3 ਦੇ ਕਲੀਨਿਕਲ ਟ੍ਰਾਇਲ ਪੂਰੇ ਨਹੀਂ ਕੀਤੇ ਹਨ। ਡਾ. ਪਥਿਰਾਨਾ ਨੇ ਅੱਗੇ ਕਿਹਾ ਕਿ ਚੀਨੀ ਵੈਕਸੀਨ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਪੂਰਾ ਡੋਜ਼ੀਅਰ ਵੀ ਅਜੇ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਹੁਣ ਜ਼ਿਆਦਾਤਰ ਸੀਰਮ ਇੰਸਟੀਚਿਊਟ ਆਫ ਇੰਡੀਆ 'ਚ ਤਿਆਰ ਐਸਟ੍ਰਾਜ਼ੈਨੇਕਾ ਵੈਕਸੀਨ 'ਤੇ ਨਿਰਭਰ ਕਰੇਗਾ। ਸਹਾਇਕ ਬੁਲਾਰੇ ਨੇ ਕਿਹਾ ਕਿ ਫਿਲਹਾਲ, ਸਾਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਦੀ ਲੋੜ ਹੈ। ਜਦੋਂ ਸਾਨੂੰ ਚੀਨ ਦੇ ਨਿਰਮਾਣ ਦੇ ਪੂਰੇ ਦਸਤਾਵੇਜ਼ ਪ੍ਰਰਾਪਤ ਹੋ ਜਾਣਗੇ ਅਸੀਂ ਉਸ ਦੇ ਰਜਿਸਟ੍ਰੇਸ਼ਨ 'ਤੇ ਵਿਚਾਰ ਕਰ ਸਕਦੇ ਹਾਂ। ਉਨ੍ਹਾਂ ਕਿਹਾ, ਹਾਲਾਂਕਿ ਸਾਈਨੋਫਾਰਮ ਵੈਕਸੀਨ ਦੇ ਰਜਿਸਟ੍ਰੇਸ਼ਨ ਵਿਚ ਸਮਾਂ ਲੱਗ ਸਕਦਾ ਹੈ ਕਿਉਂਕਿ ਵਿਸ਼ਵ ਸਿਹਤ ਸੰਗਠਨ ਨੇ ਅਜੇ ਇਸ ਨੂੰ ਮਨਜ਼ੂਰੀ ਪ੍ਰਦਾਨ ਕਰਨੀ ਹੈ। ਇਹ ਅਜੇ ਵੀ ਵਿਚਾਰ ਅਧੀਨ ਹੈ।