ਬੀਜਿੰਗ (ਪੀਟੀਆਈ) : ਮੈਡੀਕਲ ਦੀ ਦੁਨੀਆ 'ਚ ਤਕਨੀਕ ਕਿਸ ਤਰ੍ਹਾਂ ਕ੍ਰਾਂਤੀਕਾਰੀ ਸਾਬਿਤ ਹੋ ਰਹੀ ਹੈ, ਇਸ ਦੀ ਇਕ ਹੋਰ ਮਿਸਾਲ ਵੇਖਣ ਨੂੰ ਮਿਲੀ ਹੈ। ਚੀਨ 'ਚ ਮਾਹਿਰਾਂ ਨੇ 5ਜੀ ਨੈੱਟਵਰਕ ਦੀ ਮਦਦ ਨਾਲ 200 ਕਿਲੋਮੀਟਰ ਦੂਰ ਬੈਠੇ ਡਾਕਟਰਾਂ ਨੂੰ ਨਿਰਦੇਸ਼ ਦਿੰਦੇ ਹੋਏ ਗਾਲ ਬਲੈਡਰ (ਪਿੱਤੇ) ਦੇ ਆਪਰੇਸ਼ਨ 'ਚ ਕਾਮਯਾਬੀ ਹਾਸਲ ਕੀਤੀ ਹੈ।

ਚੀਨ 'ਚ 5ਜੀ ਨੈੱਟਵਰਕ ਸੰਚਾਲਣ ਦਾ ਲਾਈਸੈਂਸ ਪ੍ਰਾਪਤ ਕਰ ਚੁੱਕੀ ਕੰਪਨੀ ਚਾਈਨਾ ਮੋਬਾਈਲ ਨੇ ਦੱਸਿਆ ਕਿ ਪਿਛਲੇ ਹਫ਼ਤੇ ਉੱਤਰੀ ਚੀਨ ਦੇ ਹੁਬੇਈ ਸੂਬੇ 'ਚ ਕਰੀਬ ਇਕ ਘੰਟੇ 'ਚ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਪੂਰੀ ਵਿਵਸਥਾ ਨੂੰ 5ਜੀ ਨੈੱਟਵਰਕ ਨਾਲ ਜੋੜਿਆ ਗਿਆ ਸੀ। ਆਪਰੇਸ਼ਨ ਨੂੰ ਤਾਹੇ ਹਸਪਤਾਲ ਦੀ ਸ਼ੇਨੋਂਗਜੀਆ ਸਥਿਤ ਬ੍ਰਾਂਚ 'ਚ ਅੰਜਾਮ ਦਿੱਤਾ ਗਿਆ। ਉੱਥੋਂ ਇਸ ਦਾ ਲਾਈਵ ਫੀਡ (ਸਿੱਧਾ ਪ੍ਰਸਾਰਣ) ਸ਼ਿਆਨ ਸ਼ਹਿਰ ਸਥਿਤ ਬ੍ਰਾਂਚ 'ਚ ਬੈਠੇ ਮਾਹਿਰਾਂ ਕੋਲ ਭੇਜਿਆ ਜਾ ਰਿਹਾ ਸੀ। 5ਜੀ ਤਕਨੀਕ ਦੀ ਤੇਜ਼ ਗਤੀ ਕਾਰਨ ਦੋਵੇਂ ਪਾਸੇ ਦੇ ਡਾਕਟਰ ਇਕ ਦੂਜੇ ਨਾਲ ਬਿਨਾਂ ਰੁਕਾਵਟ ਦੇ ਸੰਪਰਕ 'ਚ ਬਣੇ ਰਹਿ ਸਕੇ। ਚਾਈਨਾ ਮੋਬਾਈਲ ਦੇ ਅਧਿਕਾਰੀ ਗੁਈ ਕਨਪੇਂਗ ਨੇ ਕਿਹਾ, '5ਜੀ ਤਕਨੀਕ 'ਚ ਬਿਨਾਂ ਅਟਕੇ ਫੋਟੋ ਤੇ ਵੀਡੀਓ ਦਾ ਆਦਾਨ ਪ੍ਰਦਾਨ ਯਕੀਨੀ ਹੁੰਦਾ ਹੈ। ਇਸ ਦੀ ਮਦਦ ਨਾਲ ਕਿਸੇ ਗੁੰਝਲਦਾਰ ਆਪਰੇਸ਼ਨ ਦੀ ਸਥਿਤੀ 'ਚ ਦੂਰ-ਦੂਰ ਬੈਠੇ ਹੋਏ ਕਈ ਡਾਕਟਰ ਇਕੱਠੇ ਮਿਲ ਕੇ ਆਪਣੇ ਮੁਹਾਰਤ ਦੀ ਵਰਤੋਂ ਕਰ ਸਕਦੇ ਹਨ।'

5ਜੀ ਦੇ ਵਿਸਥਾਰ 'ਚ ਲੱਗਾ ਹੈ ਚੀਨ

ਟਰਾਂਸਪੋਰਟ, ਮਨੋਰੰਜਨ ਤੇ ਸਿਹਤ ਸੇਵਾ ਨਾਲ ਜੁੜੇ ਸੈਕਟਰਾਂ 'ਚ ਵਧਦੀ ਮੰਗ ਨੂੰ ਵੇਖਦਿਆਂ ਚੀਨ 5ਜੀ ਨੈੱਟਵਰਕ ਨੂੰ ਵਿਸਥਾਰ ਦੇਣ ਦੀ ਦਿਸ਼ਾ 'ਚ ਯਤਨਸ਼ੀਲ ਹੈ। ਹੁਬੇਈ ਸੂਬੇ 'ਚ 300 ਤੋਂ ਵੱਧ 5ਜੀ ਬੇਸ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਇੱਥੋਂ ਦੇ ਲਗਪਗ ਸਾਰੇ ਸ਼ਹਿਰ ਪੂਰੀ ਤਰ੍ਹਾਂ 5ਜੀ ਕਵਰੇਜ ਨਾਲ ਲੈਸ ਹੋ ਗਏ ਹਨ। ਚੀਨ ਦੀ ਰਾਜਧਾਨੀ ਬੀਜਿੰਗ 'ਚ 5ਜੀ ਦੇ 4300 ਬੇਸ ਸਟੇਸ਼ਨ ਸਥਾਪਤ ਕੀਤੇ ਗਏ ਹਨ। 5ਜੀ ਨੈੱਟਵਰਕ 'ਚ ਡਾਊਨਲੋਡ ਦੀ ਸਪੀਡ 4ਜੀ ਦੀ ਤੁਲਨਾ 'ਚ 10 ਤੋਂ 100 ਗੁਣਾ ਤਕ ਜ਼ਿਆਦਾ ਰਹਿੰਦੀ ਹੈ।