ਕੋਰੋਨਾ ਵਾਇਰਸ ਕਰੀਬ ਡੇਢ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਕਾਬੂ 'ਚ ਨਹੀਂ ਆ ਰਿਹਾ ਹੈ ਤੇ ਪੂਰੀ ਦੁਨੀਆ 'ਚ ਹਾਲੇ ਵੀ ਇਸ ਦਾ ਖੌਫ ਜਾਰੀ ਹੈ। ਹਾਲਾਂਕਿ ਹੁਣ ਤਕ ਇਸ ਗੱਲ ਦੇ ਪੱਕੇ ਸਬੂਤ ਨਹੀਂ ਮਿਲੇ ਹਨ ਕਿ ਇਸ ਦੀ ਸ਼ੁਰੂਆਤ ਕਿਵੇਂ ਹੋਈ। ਚੀਨ ਨੇ ਇਸ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਿ ਵੁਹਾਨ ਦੇ ਬਾਜ਼ਾਰ ਜਾਂ ਉਸ ਦੀ ਕਿਸੇ ਲੈਬ ਤੋਂ ਇਹ ਫੈਲਿਆ। ਪਰ ਅਮਰੀਕਾ ਨੇ ਕੁਝ ਦਸਤਾਵੇਜ਼ ਮਿਲਣ ਦਾ ਦਾਅਵਾ ਕੀਤਾ ਹੈ, ਜਿਸ ਨਾਲ ਇਸ ਮਾਮਲੇ 'ਚ ਚੀਨ ਦੀ ਸਾਜ਼ਿਸ਼ ਦਾ ਖੁਲਾਸਾ ਹੁੰਦਾ ਹੈ। ਅਮਰੀਕੀ ਅਧਿਕਾਰੀਆਂ ਨੂੰ ਮਿਲੇ ਇਨ੍ਹਾਂ ਦਸਤਾਵੇਜ਼ਾਂ ਮੁਤਾਬਿਕ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੀ ਮਦਦ ਨਾਲ ਜੈਵ ਹਥਿਆਰ ਤਿਆਰ ਕਰਨ 'ਤੇ ਕੰਮ ਕਰ ਰਹੇ ਹਨ ਜਿਸ ਨਾਲ ਤੀਸਰੀ ਸੰਸਾਰ ਜੰਗ ਲੜੀ ਜਾ ਸਕੇ।

ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਮਿਲੇ ਇਸ 6 ਸਾਲ ਪੁਰਾਣੇ ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਤੀਸਰੀ ਜੰਗ ਵਿਚ ਜਿੱਤ ਲਈ ਜੈਵ ਹਥਿਆਰ ਅਹਿਮ ਹੋਣਗੇ। ਇਸ ਵਿਚ ਇਨ੍ਹਾਂ ਦੇ ਇਸਤੇਮਾਲ ਦਾ ਸਹੀ ਸਮਾਂ ਵੀ ਦੱਸਿਆ ਗਿਆ ਹੈ ਤੇ ਦੁਸ਼ਮਣ ਦੇ ਮੈਡੀਕਲ ਸਿਸਟਮ 'ਤੇ ਅਸਰ ਦੀ ਚਰਚਾ ਵੀ ਕੀਤੀ ਗਈ ਹੈ। ਦਿ ਆਸਟ੍ਰੇਲੀਅਨ ਦੀ ਰਿਪੋਰਟ 'ਚ ਪੀਪਲਸ ਲਿਬਰੇਸ਼ਨ ਆਰਮੀ ਦੇ ਵਿਗਿਆਨੀਆਂ ਤੇ ਸਿਹਤ ਅਧਿਕਾਰੀਆਂ ਦੇ ਡੋਜ਼ੀਅਰ 'ਚ ਹਥਿਆਰ ਬਣਾਉਣ ਲਈ ਬਿਮਾਰੀਆਂ ਦੇ ਇਸਤੇਮਾਲ ਦੀ ਗੱਲ ਕਹੀ ਗਈ ਹੈ। ਵਿਸ਼ਲੇਸ਼ਕਾਂ ਮੁਤਾਬਿਕ ਘੱਟੋ-ਘੱਟ 18 ਵਿਗਿਆਨੀ ਹਾਈ-ਰਿਸਕ ਲੈਬ 'ਚ ਇਸ ਉੱਤੇ ਕੰਮ ਕਰ ਰਹੇ ਸਨ।

New Species of Man-Made Viruses as Genetic Bioweapons ਨਾਂ ਦੇ ਇਸ ਦਸਤਾਵੇਜ਼ ਦੇ ਲੇਖਕਾਂ ਮੁਤਾਬਿਕ ਤੀਸਰਾ ਵਿਸ਼ਵ ਯੁੱਧ 'ਜੈਵ' ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਜਿਵੇਂ ਦੂਸਰੀ ਸੰਸਾਰ ਜੰਗ ਵਿਚ ਜਿੱਤ ਪਰਮਾਣੂ ਬੰਬ ਨੇ ਦਿਵਾਈ ਸੀ ਤੇ ਜਾਪਾਨ ਨੇ ਹਮਲੇ ਤੋਂ ਬਾਅਦ ਆਤਮ-ਸਮਰਪਣ ਕਰ ਦਿੱਤਾ ਸੀ, ਉਵੇਂ ਹੀ ਤੀਸਰੀ ਸੰਸਾਰ ਜੰਗ 'ਚ ਜੈਵ ਹਥਿਆਰ ਜਿੱਤ ਦਿਵਾਉਣਗੇ। ਦਸਤਾਵੇਜ਼ 'ਚ ਹਥਿਆਰ ਦੇ ਸਹੀ ਸਮੇਂ 'ਤੇ ਇਸਤੇਮਾਲ ਨਾਲ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ 'ਤੇ ਚਰਚਾ ਕੀਤੀ ਗਈ ਹੈ। ਰਿਸਰਚ ਵਿਚ ਕਿਹਾ ਗਿਆ ਹੈ ਕਿ ਇਸ ਹਮਲੇ ਨਾਲ ਦੁਸ਼ਮਣ ਦੀ ਸਿਹਤ ਵਿਵਸਥਾ ਖਸਤਾਹਾਲ ਹੋ ਜਾਵੇਗੀ। ਮਾਹਿਰਾਂ ਮੁਤਾਬਿਕ ਇਨ੍ਹਾਂ ਦੇ ਇਸਤੇਮਾਲ ਦਾ ਫ਼ੈਸਲਾ ਵਿਗਿਆਨੀਆਂ ਦੇ ਹੱਥ ਵਿਚ ਨਹੀਂ ਰਿਹਾ ਹੋਵੇਗਾ।

Posted By: Seema Anand