ਕਾਠਮੰਡੂ (ਏਜੰਸੀਆਂ) : ਚੀਨ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕਾ ਨੇਪਾਲ ਹੁਣ ਆਪਣੇ ਦੇਸ਼ ਦੇ ਵਿਵਾਦਤ ਨਕਸ਼ੇ ਨੂੰ ਗੂਗਲ ਅਤੇ ਭਾਰਤ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਭੇਜਣ ਦੀ ਤਿਆਰੀ ਕਰ ਰਿਹਾ ਹੈ। ਆਪਣੇ ਇਸ ਨਕਸ਼ੇ ਵਿਚ ਨੇਪਾਲ ਨੇ ਭਾਰਤੀ ਖੇਤਰ ਲਿਪੁਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੂੰ ਆਪਣਾ ਹਿੱਸਾ ਦੱਸਿਆ ਹੈ।

ਨੇਪਾਲ ਦੇ ਭੌਂ ਪ੍ਰਬੰਧਨ ਮੰਤਰੀ ਪਦਮਾ ਅਰਯਾਲ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਨਵਾਂ ਨਕਸ਼ਾ ਭੇਜਿਆ ਜਾਵੇਗਾ। ਇਸ ਮਹੀਨੇ ਦੇ ਮੱਧ ਤਕ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਦੇ ਮੰਤਰਾਲੇ ਨੇ ਨੇਪਾਲੀ ਮਾਪਣ ਵਿਭਾਗ ਨੂੰ ਨਵੇਂ ਨਕਸ਼ੇ ਦੀਆਂ 4,000 ਕਾਪੀਆਂ ਨੂੰ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕਰਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ ਭੇਜਣ ਲਈ ਕਿਹਾ ਹੈ। ਨੇਪਾਲ ਦੀ ਓਲੀ ਸਰਕਾਰ ਨੇ 20 ਮਈ ਨੂੰ ਇਹ ਵਿਵਾਦਤ ਨਕਸ਼ਾ ਜਾਰੀ ਕੀਤਾ ਸੀ। ਇਸ ਵਿਚ ਲਿਪੀਆਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੂੰ ਨੇਪਾਲ ਦਾ ਹਿੱਸਾ ਦਰਸਾਇਆ ਗਿਆ ਹੈ।

ਭਾਰਤ ਨੇ ਨੇਪਾਲ ਦੇ ਇਸ ਨਕਸ਼ੇ ਨੂੰ ਖ਼ਾਰਜ ਕਰ ਦਿੱਤਾ ਹੈ। ਭਾਰਤ ਦਾ ਕਹਿਣਾ ਹੈ ਕਿ ਨੇਪਾਲ ਦੀ ਇਹ ਇਕਤਰਫ਼ਾ ਕਾਰਵਾਈ ਇਤਿਹਾਸਕ ਤੱਥਾਂ ਅਤੇ ਸਬੂਤਾਂ 'ਤੇ ਆਧਾਰਤ ਨਹੀਂ ਹੈ। ਭਾਰਤ ਨੇ ਇਸ ਸਰਹੱਦ ਨਾਲ ਜੁੜੇ ਮੁੱਦੇ ਨੂੰ ਦੋ-ਪੱਖੀ ਪੱਧਰ 'ਤੇ ਸੁਲਝਾਉਣ ਦੇ ਕਰਾਰ ਦਾ ਉਲੰਘਣ ਵੀ ਦੱਸਿਆ ਸੀ।