ਬੀਜਿੰਗ (ਪੀਟੀਆਈ) : ਭਾਰਤ ਦੀ ਦੂਜੀ ਚੰਦਰਮਾ ਮੁਹਿੰਮ ਚੰਦਰਯਾਨ-2 ਦੀ ਦੁਨੀਆ ਭਰ 'ਚ ਸ਼ਲਾਘਾ ਕੀਤੀ ਜਾ ਰਹੀ ਹੈ। ਹੁਣ ਚੀਨ ਦੇ ਨਾਗਰਿਕਾਂ ਨੇ ਵੀ ਇਸ ਮੁਹਿੰਮ ਵਿਚ ਸ਼ਾਮਲ ਇਸਰੋ ਦੇ ਵਿਗਿਆਨੀਆਂ ਦੀ ਤਾਰੀਫ਼ ਕੀਤੀ ਹੈ। ਚੀਨ ਦੀ ਮਾਈਕ੍ਰੋ-ਬਲਾਗਿੰਗ ਸਾਈਟ 'ਤੇ ਪੋਸਟ ਕਰਕੇ ਉਨ੍ਹਾਂ ਵਿਗਿਆਨੀਆਂ ਨੂੰ ਉਮੀਦ ਰੱਖਣ ਅਤੇ ਪੁਲਾੜ ਵਿਚ ਆਪਣੀ ਖੋਜ ਜਾਰੀ ਰੱਖਣ ਦੀ ਅਪੀਲ ਕੀਤੀ ਹੈ।

ਇਕ ਯੂਜ਼ਰ ਨੇ ਲਿਖਿਆ, 'ਪੁਲਾੜ ਦੇ ਬਾਰੇ ਵਿਚ ਸਾਰੇ ਨਵੀਂ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਸਫਲਤਾ ਕਿਹੜੇ ਵਿਅਕਤੀ ਜਾਂ ਦੇਸ਼ ਨੇ ਹਾਸਲ ਕੀਤੀ ਹੈ। ਸਾਰਿਆਂ ਦੀ ਸ਼ਲਾਘਾ ਹੋਣੀ ਚਾਹੀਦੀ ਹੈ। ਜਿਹੜੇ ਅਸਥਾਈ ਰੂਪ ਨਾਲ ਅਸਫਲ ਹੋਏ ਹਨ, ਉਨ੍ਹਾਂ ਦਾ ਵੀ ਉਤਸ਼ਾਹ ਵਧਾਇਆ ਜਾਣਾ ਚਾਹੀਦਾ ਹੈ।'

ਕੁਝ ਯੂਜ਼ਰ ਨੇ ਕਿਹਾ ਕਿ ਪੁਲਾੜ ਵਿਚ ਖੋਜ ਲਈ ਭਾਰਤੀ ਵਿਗਿਆਨੀਆਂ ਨੇ ਬਹੁਤ ਮਿਹਨਤ ਤੇ ਤਿਆਗ ਕੀਤੇ ਹਨ, ਜਿਹੜੇ ਸ਼ਲਾਘਾਯੋਗ ਹਨ। ਜੀਹੂ ਨਾਂ ਦੀ ਵੈੱਬਸਾਈਟ 'ਤੇ ਇਕ ਯੂਜ਼ਰ ਨੇ ਕਿਹਾ, 'ਅਸੀਂ ਸਾਰੇ ਕਿਤੇ ਵਿਚਾਲੇ ਪਏ ਹਾਂ ਪਰ ਸਾਡੇ ਵਿਚੋਂ ਕੁਝ ਲੋਕ ਤਾਰਿਆਂ ਵੱਲ ਦੇਖ ਰਹੇ ਹਨ। ਕੋਈ ਵੀ ਦੇਸ਼ ਜੇਕਰ ਪੁਲਾੜ ਦੇ ਵਿਸ਼ੇਸ਼ ਵਿਚ ਹੋਰ ਖੋਜ ਕਰਨ ਦੀ ਹਿੰਮਤ ਵਿਖਾਉਂਦਾ ਹੈ ਤਾਂ ਉਸ ਦਾ ਸਨਮਾਨ ਹੋਣਾ ਚਾਹੀਦਾ ਹੈ।'

ਚੰਦਰਮਾ 'ਤੇ ਉਤਰ ਚੁੱਕਾ ਹੈ ਚੀਨ

ਅਮਰੀਕਾ, ਰੂਸ ਤੋਂ ਬਾਅਦ ਚੀਨ ਚੰਦਰਮਾ 'ਤੇ ਸਾਫਟ ਲੈਂਡਿੰਗ ਕਰਵਾਉਣ ਵਾਲਾ ਤੀਜਾ ਦੇਸ਼ ਹੈ। 2013 ਵਿਚ ਉਸ ਨੇ ਆਪਣਾ ਪਹਿਲਾ ਪੁਲਾੜ ਯਾਨ ਚਾਂਗ ਈ-3 ਚੰਦਰਮਾ 'ਤੇ ਉਤਾਰਿਆ ਸੀ। ਦਸੰਬਰ 2018 ਵਿਚ ਚਾਂਗ ਈ-4 ਲਾਂਚ ਕੀਤਾ ਗਿਆ ਸੀ। ਇਹ ਯਾਨ ਇਸ ਸਾਲ ਜਨਵਰੀ ਵਿਚ ਚੰਦਰਮਾ ਦੇ ਉਸ ਹਿੱਸੇ 'ਤੇ ਉਤਰਿਆ ਸੀ, ਜਿਹੜਾ ਧਰਤੀ ਤੋਂ ਨਹੀਂ ਦਿਖਾਈ ਦਿੰਦਾ ਹੈ।