ਬੀਜਿੰਗ : ਚੀਨ ਆਪਣੇ ਅਸ਼ਾਂਤ ਸ਼ਿਨਜਿਆਂਗ ਇਲਾਕੇ 'ਚ ਉਈਗਰ ਮੁਸਲਮਾਨਾਂ 'ਤੇ ਸ਼ਿਕੰਜਾ ਕੱਸਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਚੁੱਕਿਆ ਹੈ। ਉਨ੍ਹਾਂ 'ਤੇ ਨਜ਼ਰ ਰੱਖਣ ਲਈ ਉਸ ਨੇ ਕਈ ਉਪਾਅ ਕੀਤੇ ਹਨ। ਹੁਣ ਖ਼ਬਰ ਹੈ ਕਿ ਸੂਬੇ ਦੇ ਹਿਰਾਸਤ ਕੇਂਦਰਾਂ 'ਚ ਰੱਖੇ ਗਏ ਉਈਗਰ ਮੁਸਲਮਾਨਾਂ ਦੇ ਖ਼ੂਨ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ।

ਇਸ ਤਰ੍ਹਾਂ ਵੱਡੇ ਪੱਧਰ 'ਤੇ ਡੀਐੱਨਏ ਨਮੂਨੇ ਇਕੱਠੇ ਕਰਨ ਦੇ ਯਤਨਾਂ ਤਹਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਹਾਲਾਂਕਿ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ, ਪਰ ਦੱਬੀ ਜ਼ੁਬਾਨ 'ਚ ਇਹ ਦੱਸਿਆ ਜਾ ਰਿਹਾ ਹੈ ਕਿ ਚੀਨੀ ਵਿਗਿਆਨੀ ਡੀਐੱਨਏ ਦੇ ਇਸਤੇਮਾਲ 'ਚ ਕਿਸੇ ਵਿਅਕਤੀ ਦੇ ਚਿਹਰੇ ਦੀ ਤਸਵੀਰ ਬਣਾਉਣ ਦਾ ਤਰੀਕਾ ਲੱਭਣ ਦਾ ਯਤਨ ਕਰ ਰਹੇ ਹਨ।

ਉਈਗਰ ਮੁਸਲਮਾਨ ਬਹੁਗਿਣਤੀ ਸ਼ਿਨਜਿਆਂਗ 'ਚ ਚੀਨ ਨੇ ਵੱਡੇ ਪੱਧਰ 'ਤੇ ਹਿਰਾਸਤ ਕੇਂਦਰ ਬਣਾਏ ਹੋਏ ਹਨ। ਇਨ੍ਹਾਂ 'ਚ ਦਸ ਲੱਖ ਤੋਂ ਵੱਧ ਉਈਗਰਾਂ ਨੂੰ ਰੱਖਿਆ ਗਿਆ ਹੈ। ਚੀਨ ਹਾਲਾਂਕਿ ਇਨ੍ਹਾਂ ਹਿਰਾਸਤੀ ਕੇਂਦਰਾਂ ਨੂੰ ਕਾਰੋਬਾਰੀ ਸਿਖਲਾਈ ਕੇਂਦਰ ਦੱਸਦਾ ਹੈ। ਇਸ ਸੂਬੇ ਦੇ ਤੁੰਜੂਕ ਸ਼ਹਿਰ 'ਚ ਬਣਾਏ ਗਏ ਅਜਿਹੇ ਹੀ ਇਕ ਹਿਰਾਸਤ ਕੇਂਦਰ 'ਚ ਸੈਂਕੜੇ ਉਈਗਰਾਂ ਦੇ ਖ਼ੂਨ ਦੇ ਨਮੂਨੇ ਲਏ ਗਏ। ਅਧਿਕਾਰੀਆਂ ਨੇ ਹਾਲਾਂਕਿ ਨਮੂਨਿਆਂ ਲਈ ਕੈਦੀਆਂ ਦੀ ਸਹਿਮਤੀ ਲੈਣ ਜਾਂ ਇਨ੍ਹਾਂ ਦੇ ਇਸਤੇਮਾਲ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।

ਪੁਲਿਸ ਨੇ ਨਿਊਯਾਰਕ ਟਾਈਮਸ ਦੇ ਪੱਤਰਕਾਰਾਂ ਨੂੰ ਤੁੰਜੂਕ ਦੇ ਬਾਸ਼ਿੰਦਿਆਂ ਨਾਲ ਗੱਲ ਕਰਨ ਤੋਂ ਵੀ ਰੋਕ ਦਿੱਤਾ। ਇਹ ਪਤਾ ਲੱਗਿਆ ਹੈ ਕਿ ਸ਼ਿਨਜਿਆਂਗ 'ਚ ਲੋਕਾਂ ਕੋਲ ਕੋਈ ਬਦਲ ਨਹੀਂ ਹੈ। ਸਰਕਾਰ ਜ਼ਰੂਰੀ ਸਿਹਤ ਜਾਂਚ ਦੀ ਆੜ 'ਚ ਖੂਨ ਦੇ ਨਮੂਨੇ ਇਕੱਠੇ ਕਰ ਰਹੀ ਹੈ। ਪਰ ਮਾਹਰਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਸਰਕਾਰ ਡੀਐੱਨਏ ਨਮੂਨਿਆਂ ਤੋਂ ਤਿਆਰ ਤਸਵੀਰਾਂ ਦੀ ਵਰਤੋਂ ਨਿਗਰਾਨੀ ਤੇ ਚਿਹਰਾ ਪਛਾਣਨ ਦੀਆਂ ਪ੍ਰਣਾਲੀਆਂ 'ਚ ਕਰ ਸਕਦੀਆਂ ਹਨ। ਇਸ ਨਾਲ ਅਸੰਤੁਸ਼ਟਾਂ ਤੇ ਪ੍ਰਦਰਸ਼ਨਕਾਰੀਆਂ ਦੀ ਖੋਜਬੀਨ ਕਰਨ ਦੇ ਨਾਲ ਹੀ ਅਪਰਾਧੀਆਂ ਨੂੰ ਫੜਨ 'ਚ ਵੀ ਮਦਦ ਮਿਲੇਗੀ।

ਜਨ ਸੁਰੱਖਿਆ ਮੰਤਰਾਲੇ ਅਧੀਨ ਚੱਲ ਰਹੀ ਹੈ ਖੋਜ

ਚੀਨ ਦੇ ਜਨ ਸੁਰੱਖਿਆ ਮੰਤਰਾਲੇ ਅਧੀਨ ਆਉਣ ਵਾਲੀਆਂ ਲੈਬੋਰਟਰੀਆਂ 'ਚ ਡੀਐੱਨਏ ਨਾਲ ਚਿਹਰਾ ਬਣਾਉਣ ਦੀ ਤਕਨੀਕ 'ਤੇ ਖੋਜ ਚੱਲ ਰਹੀ ਹੈ। ਇਸ ਨਾਲ ਜੁੜੇ ਦੋ ਚੀਨੀ ਵਿਗਿਆਨੀਆਂ ਨੂੰ ਯੂਰਪ ਦੇ ਕੁਝ ਵੱਡੇ ਅਦਾਰਿਆਂ ਤੋਂ ਫੰਡ ਮਿਲਿਆ ਹੈ। ਇੰਟਰਨੈਸ਼ਨਲ ਸਾਇੰਟਫਿਕ ਜਰਨਲ ਨੇ ਉਨ੍ਹਾਂ ਦੇ ਅਧਿਐਨ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਵੀ ਕੀਤਾ ਹੈ।

ਮਾਹਰਾਂ ਨੂੰ ਹੈ ਇਹ ਚਿੰਤਾ

ਸ਼ਿਨਜਿਆਂਗ 'ਚ ਚੀਨ ਦੀ ਜਿਸ ਤਰ੍ਹਾਂ ਸਖ਼ਤੀ ਵਧ ਰਹੀ ਹੈ, ਉਸ ਬਾਰੇ ਕਈ ਮਾਹਰਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਇਹ ਦੇਸ਼ ਅਜਿਹਾ ਟੂਲ ਬਣਾ ਰਿਹਾ ਹੈ, ਜਿਸ ਦੀ ਵਰਤੋਂ ਨਾਲ ਨਸਲੀ ਪ੍ਰਰੋਫਾਈਲ ਤਿਆਰ ਹੋ ਸਕਦੀ ਹੈ। ਇਸ ਨਾਲ ਉਈਗਰਾਂ ਨਾਲ ਹੋਰ ਵਿਤਕਰਾ ਹੋ ਸਕਦਾ ਹੈ।

ਇਸ ਤਕਨੀਕ 'ਤੇ ਅਮਰੀਕਾ ਵੀ ਕਰ ਰਿਹਾ ਹੈ ਕੰਮ

ਡੀਐੱਨਏ ਦੀ ਮਦਦ ਨਾਲ ਚਿਹਰਾ ਬਣਾਉਣ ਦੀ ਤਕੀਨਕ 'ਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ 'ਚ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਤਕਨੀਕ ਦਾ ਵਿਕਾਸ ਅਜੇ ਮੁੱਢਲੀ ਅਵਸਥਾ 'ਚ ਹੈ। ਇਸ ਨਾਲ ਕਿਸੇ ਸ਼ੱਕੀ ਵਿਅਕਤੀ ਦੇ ਚਿਹਰੇ ਦਾ ਮੋਟੇ ਤੌਰ 'ਤੇ ਖਾਕਾ ਖਿੱਚਿਆ ਜਾ ਸਕਦਾ ਹੈ।