ਬੀਜਿੰਗ : ਚੀਨ ਨੇ ਦੁਨੀਆ ਦੀ ਅਜਿਹੀ ਪਹਿਲੀ ਹਥਿਆਰਬੰਦ ਐਂਫੀਬੀਅਸ ਡਰੋਨ ਬੋਟ ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜੀ ਪਾਣੀ ਅਤੇ ਜ਼ਮੀਨ ਦੋਵਾਂ ਥਾਵਾਂ 'ਤੇ ਚੱਲਣ 'ਚ ਸਮਰੱਥ ਹੈ। ਪ੍ਰੀਖਣ 'ਚ ਖਰੀ ਪਾਈ ਗਈ ਇਸ ਮਨੁੱਖ ਰਹਿਤ ਬੇੜੀ ਦਾ ਇਸਤੇਮਾਲ ਜੰਗੀ ਮੁਹਿੰਮਾਂ 'ਚ ਕੀਤਾ ਜਾ ਸਕਦਾ ਹੈ।

ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ 'ਚ ਸੋਮਵਾਰ ਨੂੰ ਛਪੀ ਇਕ ਖਬਰ ਮੁਤਾਬਕ, ਇਸ ਡਰੋਨ ਬੋਟ ਦਾ ਨਿਰਮਾਣ ਚਾਈਨਾ ਸ਼ਿਪਬਿਲਡਿੰਗ ਇੰਡਸਟਰੀ ਕਾਰਪੋਰੇਸ਼ਨ ਤਹਿਤ ਆਉਣ ਵਾਲੇ ਵੁਚਾਂਗ ਸ਼ਿਪਬਿਲਡਿੰਗ ਇੰਡਸਟਰੀ ਗਰੁੱਪ ਨੇ ਕੀਤਾ ਹੈ। ਇਸਦਾ ਨਾਂ ਮਰੀਨ ਲਿਜ਼ਾਰਡ ਰੱਖਿਆ ਗਿਆ ਹੈ। ਇਸਦਾ ਅੱਠ ਅਪ੍ਰਰੈਲ ਨੂੰ ਸਫਲ ਪ੍ਰੀਖਣ ਕੀਤਾ ਗਿਆ ਸੀ। ਇਸ ਦੀ ਵੱਧ ਤੋਂ ਵੱਧ ਆਪ੍ਰਰੇਸ਼ਨ ਰੇਂਜ 1200 ਕਿਲੋਮੀਟਰ ਹੈ। ਇਸ ਨੂੰ ਸੈਟੇਲਾਈਟ ਰਾਹੀਂ ਰਿਮੋਟ ਨਾਲ ਚਲਾਇਆ ਜਾ ਸਕਦਾ ਹੈ। ਡੀਜ਼ਲ ਨਾਲ ਚੱਲਣ ਵਾਲੀ 12 ਮੀਟਰ ਲੰਬੀ ਇਸ ਬੇੜੀ 'ਚ ਹਾਈਡ੍ਰੋਜੈੱਟ ਲੱਗਾ ਹੈ। ਇਹ ਪਾਣੀ ਵਿਚ ਆਪਣੀ ਸਟੀਲਥ ਸਮਰੱਥਾ ਬਰਕਰਾਰ ਰੱਖਦੇ ਹੋਏ ਵੱਧ ਤੋਂ ਵੱਧ 50 ਨੌਟ ਪ੍ਰਤੀ ਘੰਟਾ (ਕਰੀਬ 92 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਜ਼ਮੀਨ 'ਤੇ ਪਹੁੰਚਣ 'ਤੇ ਇਸਦੇ ਹੇਠਲੇ ਹਿੱਸੇ 'ਚ ਲੁਕੇ ਪਹੀਏ ਬਾਹਰ ਨਿਕਲ ਆਉਂਦੇ ਹਨ ਤੇ ਉੱਥੇ ਇਹ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰੀਨ ਲਿਜ਼ਾਰਡ ਏਰੀਅਲ ਆਰਮਡ ਡਰੋਨ ਦੀ ਮਦਦ ਨਾਲ ਮਨੁੱਖ ਰਹਿਤ ਜਲ, ਜ਼ਮੀਨ ਅਤੇ ਹਵਾਈ ਹਮਲੇ ਨੂੰ ਅੰਜਾਮ ਤਕ ਦੇ ਸਕਦੀ ਹੈ।

ਮਰੀਨ ਲਿਜ਼ਾਰਡ ਦੀ ਖਾਸੀਅਤ

- ਇਸ ਵਿਚ ਇਲਕਟ੍ਰੋ-ਆਪਟੀਕਲ ਸਿਸਟਮ ਤੇ ਰਡਾਰ ਸਿਸਟਮ ਲੱਗੇ ਹਨ।

- ਦੋ ਮਸ਼ੀਨ ਗੰਨਾਂ ਅਤੇ ਐਂਟੀ-ਸ਼ਿਪ ਅਤੇ ਐਂਟੀ ਏਅਰਕ੍ਰਾਫਟ ਮਿਜ਼ਾਈਲਾਂ ਲਈ ਵਰਟੀਕਲ ਲਾਂਚਿੰਗਸਿਸਟਮ ਨਾਲ ਲੈਸ

- ਇਹ ਪੂਰੀ ਤਰ੍ਹਾਂ ਆਧੁਨਿਕ ਹੋਣ ਦੇ ਨਾਲ ਹੀ ਰੁਕਾਵਟਾਂ ਦੂਰ ਕਰ ਕੇ ਆਪਣਾ ਰਸਤਾ ਖ਼ੁਦ ਤਿਆਰ ਕਰ ਸਕਦੀ ਹੈ।

- ਐਂਫੀਬੀਅਸ ਡਰੋਨ ਬੋਟ ਟਾਪੂ 'ਤੇ ਕਿਸੇ ਹਮਲੇ ਨੂੰ ਅੰਜਾਮ ਦੇਣ ਲਈ ਪੂਰੀ ਤਰ੍ਹਾਂ ਮਾਕੂਲ ਹੈ।

- ਇਹ ਡਰੋਨ ਤੱਟੀ ਇਲਾਕਿਆਂ ਦੀ ਸੁਰੱਖਿਆ 'ਚ ਵੀ ਕਾਰਗਰ ਹੋ ਸਕਦੀ ਹੈ।