ਬੀਜਿੰਗ (ਪੀਟੀਆਈ) : ਕੋਰੋਨਾ ਦੀ ਰੋਕਥਾਮ ਲਈ ਵਿਕਸਿਤ ਕੀਤੀ ਜਾ ਰਹੀ ਵੈਕਸੀਨ ਦਾ ਆਪਣੇ ਦੇਸ਼ 'ਚ ਸਫਲ ਅਤੇ ਸੁਰੱਖਿਅਤ ਪ੍ਰੀਖਣ ਕਰਨ ਪਿੱਛੋਂ ਚੀਨ ਉਸ ਦਾ ਦੂਜੇ ਦੇਸ਼ਾਂ ਵਿਚ ਵੀ ਪ੍ਰੀਖਣ ਕਰ ਸਕਦਾ ਹੈ। ਇਹ ਜਾਣਕਾਰੀ ਚੀਨ ਦੇ ਇਕ ਖੋਜਕਰਤਾ ਨੇ ਦਿੱਤੀ।

ਚਾਈਨੀਜ਼ ਅਕੈਡਮੀ ਆਫ ਇੰਜੀਨੀਅਰਿੰਗ ਦੀ ਮੈਂਬਰ ਚੇਨ ਵੇਈ ਨੇ ਦੱਸਿਆ ਕਿ ਵੁਹਾਨ 'ਚ 16 ਮਾਰਚ ਤੋਂ ਇਸ ਵੈਕਸੀਨ ਦੇ ਪਹਿਲੇ ਪੜਾਅ ਦੇ ਪ੍ਰੀਖਣ ਸ਼ੁਰੂ ਹੋ ਗਏ ਹਨ। ਇਹ ਪ੍ਰੀਖਣ ਆਰਾਮ ਨਾਲ ਚੱਲ ਰਹੇ ਹਨ। ਇਨ੍ਹਾਂ ਦੀ ਰਿਪੋਰਟ ਇਕ ਅਪ੍ਰੈਲ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਵੈਕਸੀਨ ਦਾ ਚੀਨ ਵਿਚ ਰਹਿ ਰਹੇ ਵਿਦੇਸ਼ੀਆਂ 'ਤੇ ਵੀ ਪ੍ਰੀਖਣ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ। ਕਰੀਬ 11 ਲੱਖ ਦੀ ਆਬਾਦੀ ਵਾਲਾ ਵੁਹਾਨ ਸ਼ਹਿਰ ਹੁਬੇਈ ਸੂਬੇ ਦੀ ਰਾਜਧਾਨੀ ਹੈ। ਦੋ ਮਹੀਨੇ ਕੋਰੋਨਾ ਦਾ ਕਹਿਰ ਝੱਲਣ ਪਿੱਛੋਂ ਹੁਣ ਇਸ ਸ਼ਹਿਰ ਵਿਚ ਹਾਲਾਤ ਆਮ ਵਾਂਗ ਹੋ ਰਹੇ ਹਨ। ਚੀਨ ਦੇ ਸਰਕਾਰੀ ਅਖ਼ਬਾਰ 'ਚਾਈਨਾ ਡੇਲੀ' ਨਾਲ ਗੱਲਬਾਤ ਵਿਚ ਚੇਨ ਵੇਈ ਨੇ ਕਿਹਾ ਕਿ ਪ੍ਰੀਖਣ ਦੇ ਸ਼ੁਰੂਆਤੀ ਨਤੀਜੇ ਜੇਕਰ ਚੰਗੇ ਰਹੇ ਤਾਂ ਅਸੀਂ ਇਸ ਦਾ ਪ੍ਰਯੋਗ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਵੀ ਕਰਾਂਗੇ ਜਿੱਥੇ ਇਸ ਦਾ ਕਹਿਰ ਜਾਰੀ ਹੈ। ਚੇਨ ਵੇਈ ਅਕੈਡਮੀ ਆਫ ਮਿਲਟਰੀ ਸਾਇੰਸਿਜ਼ 'ਚ ਵੀ ਖੋਜ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਪ੍ਰਤੀ ਬਹੁਤ ਸਾਰੇ ਦੇਸ਼ਾਂ ਨੇ ਰੁਚੀ ਦਿਖਾਈ ਹੈ। ਵੈਕਸੀਨ ਵਿਕਸਤ ਕਰਨ ਲਈ ਅਸੀਂ ਅਤੇ ਸਾਡੀ ਟੀਮ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ। ਦੂਜੇ ਦੇਸ਼ਾਂ ਵਿਚ ਪ੍ਰੀਖਣ ਕਰਨ ਤੋਂ ਪਹਿਲੇ ਅਸੀਂ ਚੀਨ ਵਿਚ ਰਹਿ ਰਹੇ ਵਿਦੇਸ਼ੀ ਲੋਕਾਂ ਨੂੰ ਪ੍ਰੀਖਣ ਵਿਚ ਸ਼ਾਮਲ ਕਰਾਂਗੇ। ਕੋਵਿਡ-19 ਦਾ ਕਹਿਰ ਖ਼ਤਮ ਕਰਨ ਲਈ ਵੈਕਸੀਨ ਹੀ ਸਭ ਤੋਂ ਕਾਰਗਰ ਸਾਬਿਤ ਹੋ ਸਕਦੀ ਹੈ। ਇਸ ਵੈਕਸੀਨ ਦੀ ਵਰਤੋਂ ਨੂੰ ਕਦੋਂ ਮਨਜ਼ੂਰੀ ਮਿਲੇਗੀ ਇਹ ਤਾਂ ਨਹੀਂ ਪਤਾ ਪ੍ਰੰਤੂ ਪ੍ਰੀਖਣ ਸਫਲ ਅਤੇ ਸੁਰੱਖਿਅਤ ਰਹਿੰਦਾ ਹੈ ਤਾਂ ਇਹ ਕੰਮ ਜਲਦੀ ਹੋ ਜਾਵੇਗਾ। ਦੱਸਣਯੋਗ ਹੈ ਕਿ ਜਦੋਂ ਤੋਂ ਇਸ ਵਾਇਰਸ ਦਾ ਕਹਿਰ ਸ਼ੁਰੂ ਹੋਇਆ ਹੈ ਚੀਨ ਦੇ ਕਈ ਖੋਜ ਸੰਸਥਾਨ ਇਸ ਦਾ ਇਲਾਜ ਲੱਭਣ ਵਿਚ ਲੱਗ ਗਏ ਹਨ। 'ਚਾਈਨਾ ਡੇਲੀ' ਅਨੁਸਾਰ ਵੁਹਾਨ ਵਿਚ ਇਸ ਵੈਕਸੀਨ ਦਾ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਦੇ ਲੋਕਾਂ 'ਤੇ ਪ੍ਰੀਖਣ ਕੀਤਾ ਜਾ ਰਿਹਾ ਹੈ। ਕੁਲ 108 ਲੋਕ ਸਵੈ-ਇੱਛਾ ਨਾਲ ਇਸ ਵਿਚ ਹਿੱਸਾ ਲੈ ਰਹੇ ਹਨ।

ਬਾਕਸ

ਮਨੁੱਖੀ ਕੋਸ਼ਿਕਾ 'ਚ ਕੋਰੋਨਾ ਦਾ ਦਾਖ਼ਲਾ ਰੋਕ ਸਕਦੀ ਹੈ ਦਵਾਈ

ਨਿਊਯਾਰਕ : ਵਿਗਿਆਨਕਾਂ ਨੇ ਇਕ ਅਜਿਹੀ ਦਵਾਈ ਦੀ ਖੋਜ ਕਰ ਲਈ ਹੈ ਜੋ ਮਨੁੱਖੀ ਕੋਸ਼ਿਕਾਵਾਂ 'ਚ ਕੋਰੋਨਾ ਵਾਇਰਸ ਕੋਵਿਡ-19 ਨੂੰ ਦਾਖਲ ਹੋਣ ਤੋਂ ਰੋਕ ਦੇਵੇਗੀ। ਜੇਕਰ ਇਹ ਦਵਾਈ ਤਜਰਬੇ ਵਿਚ ਸਫਲ ਹੋ ਗਈ ਤਾਂ ਕੋਰੋਨਾ ਦਾ ਇਲਾਜ ਵਿਕਸਤ ਕਰਨ ਵਿਚ ਕਾਫ਼ੀ ਮਦਦ ਮਿਲ ਸਕਦੀ ਹੈ। ਖੋਜੀਆਂ ਅਨੁਸਾਰ ਖੋਜੀ ਗਈ ਦਵਾਈ ਪ੍ਰੋਟੀਨ(ਪੇਪਟਾਈਡ) ਦਾ ਇਕ ਛੋਟਾ ਅੰਸ਼ ਹੈ ਜੋ ਮਨੁੱਖੀ ਕੋਸ਼ਿਕਾ ਦੀ ਸਤਹਿ 'ਤੇ ਪਾਏ ਜਾਣ ਵਾਲੇ ਨਾਲ ਮਿਲਦਾ-ਜੁਲਦਾ ਹੈ। ਇਹ ਪ੍ਰੋਟੀਨ ਕੋਰੋਨਾ ਵਾਇਰਸ ਦੇ ਉਸ ਪ੍ਰੋਟੀਨ ਨੂੰ ਬੰਨ੍ਹ ਦਿੰਦਾ ਹੈ ਜਿਸ ਰਾਹੀਂ ਵਾਇਰਸ ਕੋਸ਼ਿਕਾ 'ਚ ਦਾਖ਼ਲ ਹੁੰਦਾ ਹੈ।

ਬਾਇਓਆਰਐਕਸਆਈਵੀ ਦੇ ਆਨਲਾਈਨ ਐਡੀਸ਼ਨ 'ਚ ਪ੍ਰਕਾਸ਼ਿਤ ਇਨ੍ਹਾਂ ਸਿੱਟਿਆਂ ਅਨੁਸਾਰ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮਆਈਟੀ) ਦੇ ਐਸੋਸੀਏਟ ਪ੍ਰੋਫੈਸਰ ਬਰੈੱਡ ਪੈਂਟੇਲਿਊਟ ਨੇ ਕਿਹਾ ਕਿ ਅਸੀਂ ਜਿਹੋ ਜਿਹਾ ਕੰਪਾਊਂਡ ਲੱਭ ਰਹੇ ਸੀ, ਉਹ ਮਿਲ ਗਿਆ ਹੈ। ਇਹ ਵਾਇਰਲ ਪ੍ਰੋਟੀਨ ਨਾਲ ਉਹੋ ਜਿਹਾ ਹੀ ਵਿਵਹਾਰ ਕਰ ਰਿਹਾ ਹੈ ਜਿਵੇਂ ਕਿ ਅਸੀਂਂ ਲੋਕਾਂ ਨੇ ਸੰਭਾਵਨਾ ਪ੍ਰਗਟਾਈ ਸੀ। ਇਸ ਤੋਂ ਉਮੀਦ ਬਣੀ ਹੈ ਕਿ ਮਨੁੱਖੀ ਕੋਸ਼ਿਕਾ ਵਿਚ ਵਾਇਰਸ ਦੀ ਘੁਸਪੈਠ ਰੋਕੀ ਜਾ ਸਕਦੀ ਹੈ। ਖੋਜੀਆਂ ਨੇ ਇਸ ਪੇਪਟਾਈਡ ਦੇ ਨਮੂਨੇ ਹੋਰ ਖੋਜੀਆਂ ਨੂੰ ਭੇਜੇ ਹਨ ਜੋ ਆਪਣੇ-ਆਪਣੇ ਦੇਸ਼ਾਂ ਵਿਚ ਮਨੁੱਖੀ ਕੋਸ਼ਿਕਾਵਾਂ 'ਤੇ ਉਸ ਦਾ ਅਸਰ ਦੇਖਣਗੇ। ਚੀਨ ਦੇ ਇਕ ਰਿਸਰਚ ਗਰੁੱਪ ਵੱਲੋਂ ਮਨੁੱਖੀ ਕੋਸ਼ਿਕਾ (ਸੈੱਲ) ਦੇ ਰਿਸੈਪਟਰ ਅਤੇ ਕੋਰੋਨਾ ਵਾਇਰਸ ਦੇ ਸਪਾਈਕ ਪੋ੍ਟੋਨ ਦਾ ਕ੍ਰਾਇਓ ਈਐੱਮ ਸਟਰੱਕਚਰ ਪ੍ਰਕਾਸ਼ਿਤ ਕਰਨ ਪਿੱਛੋਂ ਇਸ ਟੀਮ ਨੇ ਮਾਰਚ ਦੇ ਸ਼ੁਰੂ ਵਿਚ ਇਸ 'ਤੇ ਖੋਜ ਸ਼ੁਰੂ ਕੀਤੀ ਸੀ।