ਬੀਜਿੰਗ (ਪੀਟੀਆਈ) : ਚੀਨ ਨੇ ਸ਼ੁੱਕਰਵਾਰ ਨੂੰ ਸਵੀਕਾਰ ਕੀਤਾ ਕਿ ਭਾਰਤ ਦੇ ਵਿਰੋਧ ਦੇ ਬਾਵਜੂਦ ਉਸ ਦੀ ਕੰਪਨੀ ਮਕਬੂਜ਼ਾ ਕਸ਼ਮੀਰ ਦੇ ਗਿਲਗਿਤ-ਬਾਲਤਿਸਤਾਨ ਵਿਚ ਡਾਇਆਮਰ-ਭਾਸ਼ਾ ਡੈਮ ਦਾ ਠੇਕਾ ਲੈ ਰਹੀ ਹੈ। ਚੀਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨਾਲ ਸਬੰਧ ਹੋਰ ਸੁਖਾਵੇਂ ਬਣਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ ਚੀਨੀ ਕੰਪਨੀ ਚਾਈਨਾ ਪਾਵਰ ਐਂਡ ਫਰੰਟੀਅਰ ਵਰਕਸ ਆਰਗੇਨਾਈਜੇਸ਼ਨ ਨਾਲ ਇਸ ਡੈਮ ਦੀ ਉਸਾਰੀ ਲਈ 442 ਅਰਬ ਰੁਪਏ ਦਾ ਸਮਝੌਤਾ ਕੀਤਾ ਹੈ। ਦੱਸਣਯੋਗ ਹੈ ਕਿ ਭਾਰਤ ਨੇ ਵੀਰਵਾਰ ਨੂੰ ਗਿਲਗਿਤ-ਬਾਲਤਿਸਤਾਨ ਵਿਚ ਬਣਨ ਵਾਲੇ ਇਸ ਡੈਮ ਦਾ ਸਖ਼ਤ ਵਿਰੋਧ ਕੀਤਾ ਸੀ। ਭਾਰਤ ਇਸ ਨੂੰ ਆਪਣਾ ਇਲਾਕਾ ਮੰਨਦਾ ਹੈ। ਚੀਨ ਪਾਕਿਸਤਾਨ ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਵੀ ਨਿਰਮਾਣ ਕਰ ਰਿਹਾ ਹੈ ਜਿਸ 'ਤੇ 60 ਅਰਬ ਅਮਰੀਕੀ ਡਾਲਰ ਦਾ ਖ਼ਰਚ ਆਵੇਗਾ।