ਬੀਜਿੰਗ (ਪੀਟੀਆਈ) : ਚੀਨ ਨੇ ਮੰਗਲਵਾਰ ਨੂੰ ਪੀਲੇ ਸਾਗਰ ਵਿਚ ਤਾਇਨਾਤ ਜੰਗੀ ਬੇੜੇ ਤੋਂ ਇਕ ਰਾਕਟ ਰਾਹੀਂ 9 ਸੈਟੇਲਾਈਟ ਲਾਂਚ ਕੀਤੇ। ਇਨ੍ਹਾਂ ਸਾਰੇ ਸੈਟੇਲਾਈਟ ਨੂੰ ਸਫਲਤਾ ਪੂਰਵਕ ਧਰਤੀ ਦੇ ਪੰਧ ਵਿਚ ਸਥਾਪਿਤ ਕਰ ਦਿੱਤਾ ਗਿਆ ਹੈ। ਚੀਨ ਨੇ ਦੂਜੀ ਵਾਰ ਇਸ ਤਰ੍ਹਾਂ ਦੇ ਲਾਂਚ ਮਿਸ਼ਨ ਨੂੰ ਅੰਜਾਮ ਦਿੱਤਾ ਹੈ।

'ਚਾਈਨਾ ਡੇਲੀ' ਅਖ਼ਬਾਰ ਅਨੁਸਾਰ ਲਾਂਗ ਮਾਰਚ 11-ਐੱਚਵਾਈ2 ਰਾਕਟ ਨੂੰ ਸਵੇਰੇ 9 ਵੱਜ ਕੇ 22 ਮਿੰਟ 'ਤੇ ਲਾਂਚ ਕੀਤਾ ਗਿਆ। ਇਸ ਦੇ ਨਾਲ ਜਿਲਿਨ-1 ਗਾਓਫੇਨ 03-1 ਸਮੂਹ ਦੇ 9 ਸੈਟੇਲਾਈਟ ਰਵਾਨਾ ਕੀਤੇ ਗਏ। ਧਰਤੀ ਦੀ ਨਿਗਰਾਨੀ ਕਰਨ ਵਾਲੇ ਇਨ੍ਹਾਂ ਸੈਟੇਲਾਈਟ ਨੂੰ 545 ਕਿਲੋਮੀਟਰ ਦੀ ਉੱਚਾਈ 'ਤੇ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਵਿਚ ਹਾਈ ਰਿਜ਼ੋਲੂਸ਼ਨ ਦੇ ਕੈਮਰੇ ਲੱਗੇ ਹੋਏ ਹਨ। ਹਰੇਕ ਸੈਟੇਲਾਈਟ ਦਾ ਵਜ਼ਨ 42 ਕਿਲੋਗ੍ਰਾਮ ਹੈ। ਅਖ਼ਬਾਰ ਅਨੁਸਾਰ ਚਾਂਗਗੁਆਂਗ ਸੈੇਟੇਲਾਈਟ ਤਕਨਾਲੋਜੀ ਵੱਲੋਂ ਵਿਕਸਿਤ ਕੀਤੇ ਗਏ ਇਨ੍ਹਾਂ ਸੈਟੇਲਾਈਟ ਰਾਹੀਂ ਖੇਤੀ, ਜੰਗਲ, ਭੂਮੀ ਸਾਧਨ ਅਤੇ ਵਾਤਾਵਰਨ ਸੰਰਖਿਅਣ ਵਰਗੇ ਖੇਤਰਾਂ ਵਿਚ ਉਪਯੋਗਕਰਤਾਵਾਂ ਨੂੰ ਰਿਮੋਟ-ਸੈਂਸਿੰਗ ਸੇਵਾ ਮੁਹੱਈਆ ਕਰਵਾਈ ਜਾਵੇਗੀ।