ਹਾਂਗਕਾਂਗ (ਏਜੰਸੀਆਂ) : ਹਾਂਗਕਾਂਗ ਕੌਮਾਂਤਰੀ ਹਵਾਈ ਅੱਡੇ 'ਤੇ ਹਾਲਾਤ ਕਾਬੂ ਹੇਠ ਕਰ ਲਏ ਗਏ ਹਨ ਤੇ ਬੁੱਧਵਾਰ ਸਵੇਰ ਤੋਂ ਵੱਡੀ ਗਿਣਤੀ 'ਚ ਜਹਾਜ਼ ਸਮੇਂ ਸਿਰ ਰਵਾਨਾ ਹੋ ਰਹੇ ਹਨ। ਸੋਮਵਾਰ ਨੂੰ ਲੋਕਤੰਤਰ ਸਮਰਥਕ ਅੰਦੋਲਨਕਾਰੀ ਹਵਾਈ ਅੱਡੇ 'ਚ ਵੜ ਗਏ ਸਨ ਤੇ ਉਨ੍ਹਾਂ ਨੇ ਉੱਥੋਂ ਦੀਆਂ ਵਿਵਸਥਾਵਾਂ ਨੂੰ ਠੱਪ ਕਰ ਦਿੱਤਾ ਸੀ। ਇਸ ਕਾਰਨ ਉੱਥੋਂ ਜਹਾਜ਼ਾਂ ਦੀ ਆਵਾਜਾਈ ਰੁਕ ਗਈ। ਮੰਗਲਵਾਰ ਨੂੰ ਅੰਦੋਲਨਕਾਰੀਆਂ ਦੇ ਦੋ ਟਰਮੀਨਲਾਂ 'ਤੇ ਕਬਜ਼ਾ ਕਰ ਲੈਣ ਨਾਲ ਸੈਂਕੜੇ ਉਡਾਨਾਂ ਰੱਦ ਕਰਨੀਆਂ ਪਈਆਂ। ਚੀਨ ਨੇ ਕਿਹਾ ਕਿ ਅੰਦੋਲਨਕਾਰੀ ਅੱਤਵਾਦੀਆਂ ਵਾਂਗ ਕਾਰੇ ਕਰ ਰਹੇ ਹਨ। ਉਪਗ੍ਰਹਿ ਤੋਂ ਹਾਸਲ ਤਸਵੀਰਾਂ ਮੁਤਾਬਕ ਹਾਂਗਕਾਂਗ ਨੇ ਨੇੜੇ ਚੀਨੀ ਨੀਮ ਫ਼ੌਜੀ ਬਲਾਂ ਦਾ ਇਕੱਠ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅੰਦੋਲਨ ਸ਼ਾਂਤ ਨਾ ਹੋਇਆ ਤਾਂ ਚੀਨ ਹਾਂਗਕਾਂਗ 'ਤੇ ਕਾਰਵਾਈ ਕਰ ਸਕਦਾ ਹੈ।

ਹਾਂਗਕਾਂਗ 'ਚ ਦਸ ਹਫ਼ਤੇ ਚੱਲ ਰਹੇ ਚੀਨ ਵਿਰੋਧੀ ਮੁਜ਼ਾਹਰਿਆਂ ਤੋਂ ਉੱਥੋਂ ਦੀਆਂ ਸਰਗਰਮੀਆਂ ਅਸਤ-ਵਿਅਸਤ ਹੋ ਗਈਆਂ ਹਨ। ਦੁਨੀਆ ਦੇ ਇਸ ਪ੍ਰਮੁੱਖ ਆਰਥਿਕ ਕੇਂਦਰ 'ਚ ਪੂਰੀ ਰਾਤ ਅੰਦੋਲਨ ਚੱਲ ਰਹੇ ਹਨ। ਅੰਦੋਲਨਕਾਰੀ ਸੁਰੱਖਿਆ ਬਲਾਂ ਨਾਲ ਲੁਕਣ ਮੀਟੀ ਖੇਡਦੇ ਹੋਏ ਨਾ ਸਿਰਫ਼ ਰਸਤੇ ਰੋਕ ਰਹੇ ਹਨ ਬਲਕਿ ਮੌਕਾ ਲੱਗਣ 'ਤੇ ਪੁਲਿਸ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਦੌੜਾ ਵੀ ਰਹੇ ਹਨ। ਆਪਣੀ ਗੱਲ ਕੌਮਾਂਤਰੀ ਭਾਈਚਾਰੇ ਤਕ ਪਹੁੰਚਾਉਣ ਲਈ ਅੰਦੋਲਨ ਐਤਵਾਰ ਤੋਂ ਹਵਾਈ ਅੱਡੇ ਦੇ ਆਲੇ ਦੁਆਲੇ ਸਰਗਰਮ ਸੀ ਪਰ ਸੋਮਵਾਰ ਨੂੰ ਉਹ ਹਵਾਈ ਅੱਡੇ 'ਚ ਵੜ ਗਏ ਤੇ ਸਾਰੇ ਮੁਸਾਫ਼ਰਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਮੰਗਲਵਾਰ ਨੂੰ ਦੰਗਾ ਵਿਰੋਧੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਟਰਮੀਨਲ ਖਾਲੀ ਕਰਵਾਏ ਜਾ ਸਕੇ। ਇਸ ਤੋਂ ਬਾਅਦ ਬੁੱਧਵਾਰ ਸਵੇਰੇ ਜਹਾਜ਼ਾਂ ਦੀ ਉਡਾਣ ਸ਼ੁਰੂ ਹੋ ਗਈ। ਹਵਾਈ ਅੱਡੇ ਦੀਆਂ ਵਧੇਰੇ ਵਿਵਸਥਾਵਾਂ ਆਮ ਹੋ ਗਈਆਂ ਹਨ।

ਪ੍ਰਤੱਖਦਰਸ਼ੀ ਇਹ ਵੀ ਦੱਸ ਰਹੇ ਹਨ ਕਿ ਕਈ ਦਿਨਾਂ ਦੇ ਲਗਾਤਾਰ ਅੰਦੋਲਨ ਤੋਂ ਬਾਅਦ ਅੰਦੋਲਨਕਾਰੀ ਨੌਜਵਾਨ ਥੱਕ ਗਏ ਹਨ ਤੇ ਹੁਣ ਉਹ ਆਰਾਮ ਕਰ ਰਹੇ ਹਨ। ਇਕ-ਦੋ ਦਿਨਾਂ ਬਾਅਦ ਉਹ ਫਿਰ ਇਕਜੁੱਟ ਹੋ ਕੇ ਅੰਦੋਲਨ ਨੂੰ ਤੇਜ਼ ਕਰਨਗੇ। ਇਸ ਅੰਦੋਲਨ ਦਾ ਫਿਲਹਾਲ ਕੋਈ ਨੇਤਾ ਨਹੀਂ ਹੈ। ਸੋਸ਼ਲ ਮੀਡੀਆ ਤੇ ਮੈਸੇਜਿੰਗ ਐਪਸ 'ਤੇ ਹੋਣ ਵਾਲੇ ਸੱਦੇ ਰਾਹੀਂ ਅੰਦੋਲਨ ਦੀ ਰੂਪਰੇਖਾ ਬਣਦੀ ਹੈ ਤੇ ਹਜ਼ਾਰਾਂ ਨੌਜਵਾਨ ਗੁਰਿੱਲਾ ਢੰਗ ਨਾਲ ਸੜਕਾਂ 'ਤੇ ਉਤਰ ਕੇ ਸਰਗਰਮ ਹੋ ਜਾਂਦੇ ਹਨ। ਇਹ ਅੰਦੋਲਨਕਾਰੀ ਸਮਾਜ ਦੇ ਹਰ ਵਰਗ ਤੋਂ ਆਉਂਦੇ ਹਨ ਜਿਹੜੇ ਕਾਲੇ ਕੱਪੜੇ ਪਾਈ ਤੇ ਮੂੰਹ ਢਕ ਕੇ ਪੁਲਿਸ ਨਾਲ ਝੜਪ ਤੋਂ ਵੀ ਨਹੀਂ ਹਿਚਕਦੇ।