ਬੀਜਿੰਗ (ਏਜੰਸੀ) : ਚੀਨ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੀ ਮਦਦ ਲਈ 3.1 ਕਰੋੜ ਡਾਲਰ (ਕਰੀਬ 230 ਕਰੋੜ ਰੁਪਏ) ਦੀ ਮਨੁੱਖੀ ਮਦਦ ਭੇਜੀ ਹੈ। ਇਸ ਪਹਿਲੀ ਖੇਪ 'ਚ ਕੰਬਲ, ਜੈਕੇਟ ਤੇ ਹੋਰ ਜ਼ਰੂਰੀ ਸਮੱਗਰੀ ਭੇਜੀ ਗਈ ਹੈ। ਸਰਕਾਰ ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ, ਮਨੁੱਖੀ ਮਦਦ ਸਮੱਗਰੀ ਲੈ ਕੇ ਚੀਨੀ ਜਹਾਜ਼ ਬੁੱਧਵਾਰ ਨੂੰ ਕਾਬੁਲ ਹਵਾਈ ਅੱਡੇ ਪੁੱਜਾ। ਇੱਥੇ ਇਹ ਸਮੱਗਰੀ ਅਫ਼ਗਾਨ ਧਿਰ ਨੂੰ ਸੌਂਪ ਦਿੱਤੀ ਗਈ। ਏਅਰਪੋਰਟ 'ਤੇ ਸਹਾਇਤਾ ਸਮੱਗਰੀ ਸੌਂਪਣ ਦੇ ਪ੍ਰੋਗਰਾਮ 'ਚ ਅਫ਼ਗਾਨਿਸਤਾਨ 'ਚ ਚੀਨ ਦੇ ਰਾਜਦੂਤ ਵਾਂਗ ਯੂ ਤੇ ਕਾਰਜਵਾਹਕ ਅਫ਼ਗਾਨ ਸਰਕਾਰ ਦੇ ਸ਼ਰਨਾਰਥੀ ਮਾਮਲਿਆਂ ਦੇ ਮੰਤਰੀ ਖਲੀਲ-ਉਰ-ਰਹਿਮਾਨ ਹੱਕਾਨੀ ਮੌਜੂਦ ਸਨ। ਇਸ ਮੌਕੇ ਵਾਂਗ ਨੇ ਕਿਹਾ ਕਿ ਤਮਾਮ ਮੁਸ਼ਕਲਾਂ ਦਰਮਿਆਨ ਚੀਨ ਨੇ ਅਫ਼ਗਾਨਿਸਤਾਨ ਲਈ ਮਨੁੱਖੀ ਮਦਦ ਦੀ ਵਿਵਸਥਾ ਕੀਤੀ ਹੈ। ਅਫ਼ਗਾਨ ਲੋਕਾਂ ਨੂੰ ਇਸ ਦੀ ਤਤਕਾਲ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਚੀਨ ਮਦਦ ਕਰਨਾ ਜਾਰੀ ਰੱਖੇਗਾ। ਖ਼ੁਰਾਕੀ ਸਮੱਗਰੀ ਸਮੇਤ ਹੋਰ ਜ਼ਰੂਰੀ ਸਾਮਾਨ ਜਲਦੀ ਭੇਜੇ ਜਾਣਗੇ। ਹੱਕਾਨੀ ਨੇ ਕਿਹਾ ਕਿ ਭਿਆਨਕ ਆਰਥਿਕ ਤੰਗੀ ਨਾਲ ਜੂਝ ਰਹੇ ਅਫ਼ਗਾਨਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਤੋਂ ਵੱਖ-ਵੱਖ ਖੇਤਰਾਂ 'ਚ ਤਤਕਾਲ ਮਦਦ ਦੀ ਲੋੜ ਹੈ।

ਕਿਸੇ ਦੇਸ਼ ਤੋਂ ਨਹੀਂ ਮਿਲੀ ਹੈ ਮਾਨਤਾ

ਅਫ਼ਗਾਨਿਸਤਾਨ 'ਚ ਤਾਲਿਬਾਨ ਸਰਕਾਰ ਨੂੰ ਚੀਨ ਸਮੇਤ ਦੁਨੀਆ ਦੇ ਕਿਸੇ ਦੇਸ਼ ਨੇ ਹਾਲੇ ਤਕ ਮਾਨਤਾ ਨਹੀਂ ਦਿੱਤੀ ਹੈ। ਹਾਲਾਂਕਿ ਚੀਨ ਨੇ ਕਾਬੁਲ 'ਚ ਆਪਣਾ ਦੂਤਘਰ ਬਰਕਰਾਰ ਰੱਖਿਆ ਹੈ। ਪਾਕਿਸਤਾਨ ਤੇ ਰੂਸ ਦੇ ਵੀ ਦੂਤਘਰ ਖੁੱਲ੍ਹੇ ਹੋਏ ਹਨ। ਜਦਕਿ ਬੀਤੇ ਮਹੀਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹੋਰਨਾਂ ਦੇਸ਼ਾਂ ਨੇ ਆਪਣੇ ਦੂਤਘਰ ਬੰਦ ਕਰ ਦਿੱਤੇ ਸਨ।

Posted By: Jatinder Singh