ਬੀਜਿੰਗ (ਏਜੰਸੀਆਂ) : ਚੀਨ ਨੇ ਉਹੀ ਕੀਤਾ, ਜਿਸ ਦੀ ਉਮੀਦ ਸੀ। ਉਸ ਨੇ ਵੀ ਅਮਰੀਕਾ ਦੇ ਕੁਝ ਵੱਡੇ ਅਧਿਕਾਰੀਆਂ, ਸਿਆਸੀ ਆਗੂਆਂ 'ਤੇ ਵੀਜ਼ਾ ਪਾਬੰਦੀ ਲਗਾ ਦਿੱਤੀ ਹੈ। ਇਹ ਬਦਲੇ ਦੀ ਕਾਰਵਾਈ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਿਯੰਗ ਨੇ ਮੀਡੀਆ ਨੂੰ ਕਿਹਾ ਕਿ ਅਮਰੀਕਾ ਵੱਲੋਂ ਉਈਗਰ ਮੁਸਲਮਾਨ ਬਹੁਗਿਣਤੀ ਸ਼ਿਨਜਿਯਾਂਗ ਸੂਬੇ ਦੇ ਕੁਝ ਚੀਨੀ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀਆਂ ਦੀ ਕਾਰਵਾਈ ਅਤੇ ਉਸ ਦੇ ਕੁਝ ਅਧਿਕਾਰੀਆਂ ਤੇ ਸਿਆਸੀ ਆਗੂਆਂ ਦਾ ਰਵੱਈਆ ਨਿੰਦਣਯੋਗ ਹੈ। ਇਸ ਨਾਲ ਚੀਨ-ਅਮਰੀਕਾ ਦੇ ਸਬੰਧਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸ਼ਿਨਜਿਯਾਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਨਾਲ ਮਾੜੇ ਵਤੀਰੇ ਨੂੰ ਲੈ ਕੇ ਚੀਨ ਦੇ ਤਿੰਨ ਸਿਖਰਲੇ ਅਧਿਕਾਰੀਆਂ 'ਤੇ ਪਿਛਲੇ ਦਿਨੀਂ ਅਮਰੀਕਾ ਨੇ ਵੀਜ਼ਾ ਪਾਬੰਦੀ ਲਗਾ ਦਿੱਤੀ ਸੀ। ਇਸੇ ਦੇ ਜਵਾਬ ਵਿਚ ਚੀਨ ਨੇ ਅਮਰੀਕਾ ਦੇ ਕਾਂਗ੍ਰੇਸਨਲ ਐਗਜੀਕਿਊਟਿਵ ਕਮਿਸ਼ਨ ਆਨ ਚਾਈਨਾ (ਸੀਈਸੀਸੀ), ਕੌਮਾਂਤਰੀ ਧਾਰਮਿਕ ਆਜ਼ਾਦੀ ਨਾਲ ਸਬੰਧਤ ਅਮਰੀਕੀ ਰਾਜਦੂਤ ਸੈਮੁਅਲ ਬ੍ਰਾਊਨਬੈਕ, ਸੰਸਦ ਮੈਂਬਰ ਕ੍ਰਿਸ ਸਮਿਥ, ਮਾਰਕੋ ਰੂਬੀਓ ਤੇ ਟੇਡ ਕ੍ਰੂਜ 'ਤੇ ਸੋਮਵਾਰ ਤੋਂ ਪਾਬੰਦੀ ਲਗਾ ਦਿੱਤੀ ਹੈ। ਸੀਈਸੀਸੀ ਦੇ ਮੁਖੀ ਰੂਬੀਓ ਚੀਨ ਦੇ ਮੁੱਖ ਵਿਰੋਧੀ ਹਨ।

ਚੀਨੀ ਬੁਲਾਰੇ ਨੇ ਇਹ ਵੀ ਕਿਹਾ ਕਿ ਸ਼ਿਨਜਿਯਾਂਗ ਚੀਨ ਦਾ ਅੰਦਰੂਨੀ ਮਾਮਲਾ ਹੈ ਜਿਸ ਵਿਚ ਦਖ਼ਲ ਦੇਣ ਦਾ ਅਮਰੀਕਾ ਨੂੰ ਕੋਈ ਅਧਿਕਾਰ ਨਹੀਂ ਹੈ। ਚੀਨ ਸਰਕਾਰ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਵਚਨਬੱਧ ਹੈ। ਚੀਨ ਅੱਤਵਾਦ, ਵੱਖਵਾਦ ਅਤੇ ਕੱਟੜ ਮਜ਼੍ਹਬੀ ਤਾਕਤਾਂ 'ਤੇ ਹਮਲੇ ਕਰਨਾ ਜਾਰੀ ਰੱਖੇਗਾ। ਭਵਿੱਖ ਵਿਚ ਵੀ ਚੀਨ ਹਾਲਾਤ ਦੇ ਹਿਸਾਬ ਨਾਲ ਫ਼ੈਸਲੇ ਕਰਦਾ ਰਹੇਗਾ। ਪਿਛਲੇ ਕੁਝ ਸਾਲਾਂ ਵਿਚ ਉਈਗਰ ਮੁਸਲਮਾਨਾਂ ਤੋਂ ਇਲਾਵਾ ਹੋਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਨਜ਼ਰਬੰਦੀ ਨੂੰ ਲੈ ਕੇ ਚੀਨ ਨੂੰ ਪੱਛਮੀ ਦੇਸ਼ਾਂ ਦੀ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।