ਬੀਜਿੰਗ (ਰਾਇਟਰ) : ਅਮਰੀਕਾ ਨਾਲ ਤਣਾਅ ਦੌਰਾਨ ਚੀਨੀ ਹਵਾਈ ਫ਼ੌਜ ਨੇ ਪ੍ਰਸ਼ਾਂਤ ਮਹਾਸਾਗਰ ਵਿਚ ਗੁਆਮ ਖੇਤਰ ਸਥਿਤ ਅਮਰੀਕੀ ਫ਼ੌਜੀ ਅੱਡੇ 'ਤੇ ਹਮਲੇ ਦਾ ਨਕਲੀ ਵੀਡੀਓ ਜਾਰੀ ਕੀਤਾ ਹੈ। ਇਸ ਵਿਚ ਚੀਨੀ ਫ਼ੌਜ ਨੇ ਆਪਣੇ ਐੱਚ-6 ਪਰਮਾਣੂ ਬੰਬਾਰ ਦੀ ਵਰਤੋਂ ਕੀਤੀ ਹੈ। ਇਸ ਨਕਲੀ ਵੀਡੀਓ ਵਿਚ ਇਕ ਬੰਬਾਰ ਬੰਬ ਸੁੱਟਦਾ ਦਿਖਾਈ ਦੇ ਰਿਹਾ ਹੈ।

ਪੀਪਲਜ਼ ਲਿਬਰੇਸ਼ਨ ਆਰਮੀ ਨੇ ਵੀਬੋ ਅਕਾਊਂਟ 'ਤੇ ਸ਼ਨਿਚਰਵਾਰ ਨੂੰ ਇਹ ਵੀਡੀਓ ਪਾਇਆ ਸੀ। ਇਹ ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਦੀ ਤਾਇਵਾਨ ਯਾਤਰਾ ਨੂੰ ਲੈ ਕੇ ਚੀਨ ਦੀ ਖਿੱਝ ਨੂੰ ਦਰਸਾਉਂਦਾ ਹੈ। ਗੁਆਮ ਅਮਰੀਕਾ ਦਾ ਇਕ ਵੱਡਾ ਫ਼ੌਜੀ ਅੱਡਾ ਹੈ ਜਿੱਥੇ ਏਅਰਬੇਸ ਵੀ ਮੌਜੂਦ ਹਨ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਕਿਸੇ ਸੰਘਰਸ਼ ਦੀ ਸਥਿਤੀ ਵਿਚ ਇਹ ਅਮਰੀਕੀ ਫ਼ੌਜੀ ਅੱਡਾ ਅਹਿਮ ਸਾਬਿਤ ਹੋ ਸਕਦਾ ਹੈ।

ਚੀਨੀ ਹਵਾਈ ਫ਼ੌਜ ਦਾ ਦੋ ਮਿੰਟ 15 ਸਕਿੰਟਾਂ ਦਾ ਇਹ ਵੀਡੀਓ ਕਿਸੇ ਹਾਲੀਵੁੱਡ ਫਿਲਮ ਦੇ ਟ੍ਰੇਲਰ ਵਰਗਾ ਲੱਗਦਾ ਹੈ। ਇਸ ਵਿਚ ਚੀਨ ਦਾ ਐੱਚ-6 ਬੰਬਾਰ ਰੇਗਿਸਤਾਨ ਵਿਚ ਸਥਿਤ ਕਿਸੇ ਏਅਰਬੇਸ ਤੋਂ ਉਡਾਣ ਭਰਦਾ ਦਿਖਾਈ ਦਿੰਦਾ ਹੈ। ਇਸ ਦੇ ਨਾਲ ਆਵਾਜ਼ ਸੁਣਾਈ ਦਿੰਦੀ ਹੈ-ਜੰਗ ਦੇ ਦੇਵਤਾ ਐੱਚ-6ਕੇ ਹਮਲੇ 'ਤੇ ਜਾ ਰਹੇ ਹਨ। ਵੀਡੀਓ 'ਚ ਅੱਗੇ ਦਿਖਾਇਆ ਜਾਂਦਾ ਹੈ ਕਿ ਪਾਇਲਟ ਅਸਮਾਨ ਵਿਚ ਇਕ ਬਟਨ ਦਬਾਉਂਦਾ ਹੈ ਅਤੇ ਇਕ ਮਿਜ਼ਾਈਲ ਸਮੁੰਦਰ ਕਿਨਾਰੇ ਸਥਿਤ ਇਕ ਰਨਵੇ 'ਤੇ ਡਿੱਗ ਕੇ ਫੱਟ ਜਾਂਦੀ ਹੈ। ਮਿਜ਼ਾਈਲ ਰਨਵੇ ਨਾਲ ਟਕਰਾਉਂਦੇ ਹੀ ਇਸ ਦਾ ਇਕ ਉਪਗ੍ਹਿ ਚਿੱਤਰ ਦਿਖਾਇਆ ਜਾਂਦਾ ਹੈ। ਇਹ ਸਥਾਨ ਠੀਕ ਵੈਸਾ ਹੀ ਦਿਖਾਈ ਦਿੰਦਾ ਹੈ ਜਿਵੇਂਕਿ ਗੁਆਮ ਸਥਿਤ ਅਮਰੀਕੀ ਫ਼ੌਜੀ ਅੱਡਾ ਹੈ। ਵੀਡੀਓ ਵਿਚ ਮਿਊਜ਼ਿਕ ਦੀ ਵੀ ਵਰਤੋਂ ਕੀਤੀ ਗਈ ਹੈ। ਵੀਡੀਓ 'ਚ ਕਿਹਾ ਗਿਆ ਹੈ ਕਿ ਅਸੀਂ ਦੇਸ਼ ਦੀ ਹਵਾਈ ਸੁਰੱਖਿਆ ਦੇ ਰੱਖਿਅਕ ਹਾਂ। ਅਸੀਂ ਆਪਣੇ ਅਸਮਾਨ ਦੀ ਸੁਰੱਖਿਆ ਕਰਨ ਦਾ ਭਰੋਸਾ ਰੱਖਦੇ ਹਾਂ ਅਤੇ ਸਮਰੱਥਾ ਵੀ। ਇਸ ਵੀਡੀਓ ਨੂੰ ਲੈ ਕੇ ਚੀਨੀ ਰੱਖਿਆ ਮੰਤਰਾਲੇ ਅਤੇ ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਸਿੰਗਾਪੁਰ ਦੇ ਇੰਸਟੀਚਿਊਟ ਆਫ ਡਿਫੈਂਸ ਐਂਡ ਸਟ੍ਰੈਟੇਜਿਕ ਸਟੱਡੀਜ਼ ਦੇ ਰਿਸਰਚ ਫੈਲੋ ਕੋਲਿਨ ਨੇ ਕਿਹਾ ਕਿ ਚੀਨ ਨੇ ਇਹ ਵੀਡੀਓ ਜਾਰੀ ਕਰ ਕੇ ਲੰਬੀ ਦੂਰੀ ਤਕ ਮਾਰ ਕਰਨ ਦੀ ਆਪਣੀ ਸਮਰੱਥਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਰਾਹੀਂ ਚੀਨ ਨੇ ਅਮਰੀਕਾ ਨੂੰ ਤਾਇਵਾਨ ਅਤੇ ਦੱਖਣੀ ਚੀਨ ਸਾਗਰ ਵਿਵਾਦ ਤੋਂ ਦੂਰ ਰਹਿਣ ਦੀ ਚਿਤਾਵਨੀ ਵੀ ਦਿੱਤੀ ਹੈ।