ਬੀਜਿੰਗ (ਪੀਟੀਆਈ) : ਚੀਨ ਨੇ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਦੀ ਅੱਤਵਾਦ ਰੋਕੂ ਤਾਜ਼ਾ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪਾਬੰਦੀਸ਼ੁਦਾ ਅੱਤਵਾਦੀਆਂ ਅਤੇ ਸੰਗਠਨਾਂ 'ਤੇ ਕਾਰਵਾਈ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਾਗੂ ਨਵੇਂ ਦਿਸ਼ਾ-ਨਿਰਦੇਸ਼ ਸ਼ਲਾਘਾਯੋਗ ਹਨ। ਅੰਤਰਰਾਸ਼ਟਰੀ ਬਰਾਦਰੀ ਨੂੰ ਪਾਕਿਸਤਾਨ ਦੇ ਅੱਤਵਾਦ ਖ਼ਿਲਾਫ਼ ਇਸ ਤਾਜ਼ਾ ਮੁਹਿੰਮ ਦੀ ਹਮਾਇਤ ਕਰਨੀ ਚਾਹੀਦੀ ਹੈ। ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਲਈ ਵਧੇ ਦਬਾਅ ਦਰਮਿਆਨ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਪ੍ਰੀਸ਼ਦ ਦੇ ਪਾਬੰਦੀਸ਼ੁਦਾ ਅੱਤਵਾਦੀਆਂ ਅਤੇ ਸੰਗਠਨਾਂ ਖ਼ਿਲਾਫ਼ ਕਾਰਵਾਈ ਲਈ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਹਨ। ਇਸ ਤਹਿਤ ਤਾਲਿਬਾਨ, ਹੱਕਾਨੀ ਨੈੱਟਵਰਕ, ਲਸ਼ਕਰ-ਏ-ਤਾਇਬਾ, ਜਮਾਤ-ਉਦ-ਦਾਵਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਤੇ ਟਿਕਾਣੇ ਕਾਰਵਾਈ ਦੇ ਦਾਇਰੇ ਵਿਚ ਆ ਗਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਊ ਕਾਂਗ ਨੇ ਕਿਹਾ ਕਿ ਪਾਕਿਸਤਾਨ ਅੰਤਰਰਾਸ਼ਟਰੀ ਅੱਤਵਾਦ ਰੋਕੂ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਹੈ। ਅੱਤਵਾਦ ਖ਼ਿਲਾਫ਼ ਉਸ ਨੇ ਪਹਿਲਾਂ ਵੀ ਮਹੱਤਵਪੂਰਨ ਕਾਰਵਾਈ ਕੀਤੀ ਹੈ ਪਰ ਤਾਜ਼ਾ ਦਿਸ਼ਾ-ਨਿਰਦੇਸ਼ ਤੋਂ ਉਸ ਦੀ ਸੰਘੀ ਅਤੇ ਸੂਬਾਈ ਏਜੰਸੀਆਂ ਨੂੰ ਨਵੀਂ ਤਾਕਤ ਮਿਲੇਗੀ ਅਤੇ ਉਹ ਜ਼ਿਆਦਾ ਅਸਰਦਾਰ ਕਾਰਵਾਈ ਕਰ ਸਕਣਗੇ। ਇਸ ਕਾਰਵਾਈ 'ਚ ਚੀਨ ਉਸ ਨੂੰ ਪੂਰਾ ਸਹਿਯੋਗ ਦੇਵੇਗਾ।