ਤਲ ਅਵੀਵ (ਏਐੱਨਆਈ) : ਅਮਰੀਕੀ ਫ਼ੌਜ ਦੀ ਅਫ਼ਗਾਨਿਸਤਾਨ ਤੋਂ ਤੇਜ਼ੀ ਨਾਲ ਹੋ ਰਹੀ ਵਾਪਸੀ ਵਿਚਾਲੇ ਇੱਥੇ ਹੁਣ ਆਪਣੇ ਹਿੱਤਾਂ ਲਈ ਚੀਨ, ਪਾਕਿਸਤਾਨ ਤੇ ਤੁਰਕੀ ਦੀ ਤਿਕੜੀ ਤੇਜ਼ੀ ਨਾਲ ਸਰਗਰਮ ਹੋ ਰਹੀ ਹੈ।

ਤਾਲਿਬਾਨ ਦੇ ਤੇਜ਼ੀ ਨਾਲ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ਨੇ ਵੀ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਉਹ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਸਹਿਯੋਗੀ ਦੇਸ਼ ਬਣ ਕੇ ਸ਼ਾਂਤੀ ਸਥਾਪਤ ਕਰਨ ਦਾ ਨਾਟਕ ਕਰ ਰਿਹਾ ਸੀ, ਹੁਣ ਉਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਇਹ ਰਿਪੋਰਟ ਟਾਈਮਜ਼ ਆਫ ਇਜ਼ਰਾਈਲ 'ਚ ਪ੍ਰਕਾਸ਼ਿਤ ਹੋਈ ਹੈ। ਰਿਪੋਰਟ ਮੁਤਾਬਕ ਮੌਜੂਦਾ ਸਮੇਂ ਪਾਕਿਸਤਾਨ ਨੂੰ ਖ਼ਰਾਬ ਆਰਥਿਕ ਸਥਿਤੀ 'ਚ ਅਮਰੀਕੀ ਸੁਰੱਖਿਆ ਘੇਰੇ ਦੀ ਜ਼ਰੂਰਤ ਹੈ, ਅਜਿਹੀ ਸਥਿਤੀ 'ਚ ਵੀ ਉਹ ਚੀਨ ਤੇ ਤੁਰਕੀ ਦੇ ਨਾਲ ਹੀ ਅੱਗੇ ਵੱਧ ਰਿਹਾ ਹੈ।

ਇਸ ਰਿਪੋਰਟ 'ਚ ਵਿਦੇਸ਼ੀ ਮਾਮਲਿਆਂ ਦਾ ਜਾਣਕਾਰ ਫੇਬੀਅਨ ਬਾਸ਼ਰਟ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਨੀਤੀ 'ਚ ਬਦਲਾਅ ਇਸ ਸਾਲ ਜੂਨ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ, ਜਦੋਂ ਉਸ ਨੇ ਕਿਹਾ ਸੀ ਕਿ ਉਹ ਅਮਰੀਕਾ ਨੂੰ ਫ਼ੌਜੀ ਅੱਡੇ ਲਈ ਆਪਣੀ ਜ਼ਮੀਨ ਨਹੀਂ ਦੇਵੇਗਾ। ਹਾਲ ਹੀ 'ਚ ਤਾਲਿਬਾਨ ਨੇ ਚੀਨ ਦੀਆਂ ਉਨ੍ਹਾਂ ਚਿੰਤਾਵਾਂ ਨੂੰ ਵੀ ਘੱਟ ਕਰ ਦਿੱਤਾ ਹੈ, ਜਿਸ 'ਚ ਉਸ ਦਾ ਮੰਨਣਾ ਹੈ ਕਿ ਤਾਲਿਬਾਨੀ ਸ਼ਾਸਨ 'ਚ ਅਫ਼ਗਾਨਿਸਤਾਨ ਉਈਗਰਾਂ ਦੇ ਸੰਗਠਨ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈਟੀਆਈਐੱਮ) ਦਾ ਕੇਂਦਰ ਬਣ ਜਾਵੇਗਾ। ਇਹ ਸੰਗਠਨ ਸ਼ਿਨਜਿਆਂਗ 'ਚ ਸਰਗਰਮ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਤੁਰਕੀ ਵੀ ਇਸ ਤਿਕੜੀ 'ਚ ਸ਼ਾਮਲ ਹੋ ਕੇ ਆਪਣਾ ਲਾਭ ਦੇਖ ਰਿਹਾ ਹੈ, ਉਸ ਨੂੰ ਲੱਗਦਾ ਹੈ ਕਿ ਉਹ ਮੁਸਲਿਮ ਦੇਸ਼ਾਂ ਦੀ ਅਗਵਾਈ ਕਰ ਸਕੇਗਾ। ਤੁਰਕੀ ਪਹਿਲਾਂ ਹੀ ਆਪਣੇ ਦੇਸ਼ 'ਚ ਉਈਗਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਚੀਨ ਦਾ ਪਿਆਰ ਬਣ ਗਿਆ ਹੈ। ਚੀਨ ਵੀ ਅਮਰੀਕੀ ਫ਼ੌਜ ਜੇ ਜਾਣ ਤੋਂ ਬਾਅਦ ਆਪਣੀ ਮੌਜੂਦਗੀ ਚਾਹੁੰਦਾ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਦੀ ਅਫ਼ਗਾਨਿਸਤਾਨ ਦੀ ਖਣਿਜ ਭਰਪੂਰ ਜਾਇਦਾਦ 'ਤੇ ਵੀ ਨਜ਼ਰ ਹੈ।

ਉਧਰ, ਜੰਮੂ-ਕਸ਼ਮੀਰ ਦੇ ਮੁੱਖ ਨੇਤਾ ਫਾਰੂਕ ਗਾਦਰਬਲੀ ਨੇ ਟਵੀਟ ਕਰ ਕੇ ਕਿਹਾ ਕਿ ਚੀਨ, ਪਾਕਿਸਤਾਨ ਤੇ ਤਾਲਿਬਾਨ ਦਾ ਸਹਿਯੋਗ ਕਰ ਕੇ ਇਸ ਇਲਾਕੇ ਦੀ ਸ਼ਾਂਤੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦਾ ਹੈ। ਗਾਦਰਬਲੀ ਪੀਸ ਐਂਡ ਜਸਿਟਸ ਫੋਰਮ ਦੇ ਸੰਸਥਾਪਕ ਵੀ ਹਨ।