ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੀ ਇਕ ਖ਼ੁਫ਼ੀਆ ਅਧਿਕਾਰੀ ਨੇ ਪ੍ਰਸ਼ਾਸਨ ਨੂੰ ਖ਼ਬਰਦਾਰ ਕੀਤਾ ਹੈ ਕਿ ਵਿਸ਼ਵ ਮੁਕਾਬਲੇਬਾਜ਼ੀ 'ਚ ਚੀਨ ਮੁਕਾਬਲੇ 'ਚ ਤੇਜ਼ੀ ਨਾਲ ਅਮਰੀਕਾ ਦੇ ਨੇੜੇ ਆ ਰਿਹਾ ਹੈ। ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਏਵਰਿਲ ਹੈਂਸ ਨੇ ਆਪਣੀ ਇਕ ਰਿਪੋਰਟ ਸੈਨੇਟ ਦੀ ਇੰਟੈਲੀਜੈਂਸ 'ਤੇ ਬਣੀ ਸਲੈਕਟ ਕਮੇਟੀ 'ਚ ਸਾਂਝੀ ਕੀਤੀ ਹੈ। ਇਹ ਰਿਪੋਰਟ ਅਮਰੀਕਾ ਦੇ ਆਲਮੀ ਪੱਧਰ 'ਤੇ ਵਧਦੇ ਖ਼ਤਰਿਆਂ ਬਾਰੇ ਹੈ।

ਹੈਂਸ ਨੇ ਕਿਹਾ ਕਿ ਚੀਨ ਤੇਜ਼ੀ ਨਾਲ ਅਮਰੀਕਾ ਨਾਲ ਮੁਕਾਬਲੇ 'ਚ ਨੇੜੇ ਆ ਰਿਹਾ ਹੈ। ਉਹ ਆਲਮੀ ਹਾਲਾਤ ਨੂੰ ਆਪਣੇ ਪੱਖ 'ਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਉਹ ਗੁਆਂਢੀ ਦੇਸ਼ ਨੂੰ ਖ਼ੁਦ ਮੁਤਾਬਕ ਕੰਮ ਕਰਨ ਲਈ ਦਬਾਅ ਪਾ ਰਿਹਾ ਹੈ। ਇਹੀ ਕਾਰਨ ਹੈ ਕਿ ਉਸ ਦੇ ਕੁਝ ਦੇਸ਼ਾਂ ਨਾਲ ਲਗਾਤਾਰ ਵਿਵਾਦ ਵੀ ਹੋ ਰਹੇ ਹਨ। ਇਸ ਲਈ ਉਹ ਆਪਣੀਆਂ ਸਾਈਬਰ ਸਮਰੱਥਾਵਾਂ ਦੀ ਵਰਤੋ ਕਰ ਰਿਹਾ ਹੈ। ਅਮਰੀਕਾ 'ਚ ਸਾਈਬਰ ਹਮਲੇ ਉਸੇ ਰਣਨੀਤੀ ਦਾ ਹਿੱਸਾ ਹਨ। ਹੈਂਸ ਨੇ ਰੂਸ, ਈਰਾਨ ਤੇ ਉੱਤਰੀ ਕੋਰੀਆ ਨੂੰ ਵੀ ਅਮਰੀਕਾ ਲਈ ਚੁਣੌਤੀ ਦੇਣ ਵਾਲਾ ਦੇਸ਼ ਦੱਸਿਆ ਹੈ।