ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦਾ ਕਹਿਣਾ ਹੈ ਕਿ ਦੱਖਣੀ ਚੀਨ ਸਾਗਰ 'ਤੇ ਡ੍ਰੈਗਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਬਣਦਾ ਪ੍ਰੰਤੂ ਇਹ ਜ਼ਬਰਦਸਤੀ ਆਪਣਾ ਕੰਟਰੋਲ ਬਣਾਈ ਰੱਖਣਾ ਚਾਹੁੰਦਾ ਹੈ। ਇਸ ਲਈ ਚੀਨ ਆਪਣੇ ਸਮੁੰਦਰੀ ਫ਼ੌਜੀ ਅੱਡਿਆਂ ਦੀ ਵਰਤੋਂ ਕਰ ਰਿਹਾ ਹੈ।

ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਮਾਰਗਨ ਆਰਟਾਗਸ ਨੇ ਕਿਹਾ ਕਿ ਪੰਜ ਸਾਲ ਪਹਿਲੇ 25 ਸਤੰਬਰ, 2015 ਵਿਚ ਚੀਨੀ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਵਾਅਦਾ ਕੀਤਾ ਸੀ ਕਿ ਚੀਨ ਸਪ੍ਰਰੈਟਲੀ ਦੀਪ ਸਮੂਹ ਦੇ ਫ਼ੌਜੀਕਰਨ ਦਾ ਇਰਾਦਾ ਨਹੀਂ ਰੱਖਦਾ ਅਤੇ ਸਮੁੰਦਰੀ ਫ਼ੌਜੀ ਅੱਡਿਆਂ ਰਾਹੀਂ ਦੂਜੇ ਦੇਸ਼ਾਂ 'ਤੇ ਕੋਈ ਦਬਾਅ ਨਹੀਂ ਪਾਵੇਗਾ ਪ੍ਰੰਤੂ ਚੀਨੀ ਕਮਿਊਨਿਸਟ ਪਾਰਟੀ ਦੀ ਸਰਕਾਰ ਇਹ ਵਾਅਦਾ ਭੁੱਲ ਗਈ। ਚੀਨ ਇਸ ਸਮੁੰਦਰੀ ਖੇਤਰ ਵਿਚ ਲਗਾਤਾਰ ਫ਼ੌਜੀ ਸ਼ਕਤੀ ਵਧਾ ਰਿਹਾ ਹੈ ਅਤੇ ਉਕਸਾਉਣ ਵਾਲੀਆਂ ਕਾਰਵਾਈਆਂ ਕਰ ਰਿਹਾ ਹੈ। ਹਾਲ ਹੀ ਦੇ ਦਿਨਾਂ ਵਿਚ ਕਈ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿਚ ਚੀਨ ਦੇ ਗ਼ੈਰ-ਕਾਨੂੰਨੀ ਦਾਅਵੇ 'ਤੇ ਰਸਮੀ ਵਿਰੋਧ ਪ੍ਰਗਟਾਇਆ ਹੈ।

ਅਮਰੀਕੀ ਤਰਜਮਾਨ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਚੀਨ ਦੇ ਅਸਵੀਕਾਰਯੋਗ ਅਤੇ ਖ਼ਤਰਨਾਕ ਵਤੀਰੇ ਖ਼ਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਹੈ। ਅਮਰੀਕਾ ਇਸ ਮਾਮਲੇ ਵਿਚ ਚੀਨ ਖ਼ਿਲਾਫ਼ ਦੱਖਣੀ-ਪੂਰਬੀ ਏਸ਼ੀਆ ਦੇ ਆਪਣੇ ਸਹਿਯੋਗੀ ਦੇਸ਼ਾਂ ਨਾਲ ਖੜ੍ਹਾ ਰਹੇਗਾ। ਅਮਰੀਕਾ ਨੇ ਹਾਲ ਹੀ ਦੇ ਮਹੀਨਿਆਂ ਵਿਚ ਦੱਖਣੀ ਚੀਨ ਸਾਗਰ ਵਿਚ ਆਵਾਜਾਈ ਦੀ ਸੁਤੰਤਰਤਾ ਨਿਸ਼ਚਿਤ ਕਰਨ ਲਈ ਆਪਣੀ ਜਲ ਸੈਨਾ ਦੀ ਮੌਜੂਦਗੀ ਵਧਾਈ ਹੈ।