ਬੀਜਿੰਗ (ਏਪੀ) : ਚੀਨ ਨੇ ਆਪਣੇ ਕੰਟਰੋਲ ਵਾਲੇ ਹਾਂਗਕਾਂਗ ਦੀ ਸਿਆਸਤ 'ਤੇ ਪਕੜ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਹੈ। ਇਸ ਕੜੀ 'ਚ ਚੀਨ ਦੇ ਸਮਰਥਨ ਵਾਲੀ ਕਮੇਟੀ ਹਾਂਗਕਾਂਗ ਦੀ ਵਿਧਾਨ ਸਭਾ ਦੇ ਕੁਝ ਮੈਂਬਰਾਂ ਦੀ ਚੋਣ ਵੀ ਕਰੇਗੀ। ਇਹ ਕਮੇਟੀ ਹਾਂਗਕਾਂਗ ਦੇ ਨੇਤਾ ਦੀ ਚੋਣ ਕਰਦੀ ਹੈ। ਹਾਂਗਕਾਂਗ ਦੀ ਚੋਣ ਵਿਵਸਥਾ 'ਚ ਸੁਧਾਰ ਦੀ ਆੜ 'ਚ ਚੀਨ ਇੱਥੋਂ ਦੀ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਫਿਰਾਕ 'ਚ ਹੈ। ਚੀਨ ਨੇ ਆਪਣੀ ਪਕੜ ਮਜ਼ਬੂਤ ਕਰਨ ਲਈ ਹਾਂਗਕਾਂਗ 'ਚ ਬੀਤੇ ਸਾਲ ਵਿਵਾਦਿਤ ਕੌਮੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ।

ਚੀਨੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੇ ਮੀਤ ਪ੍ਰਧਾਨ ਵਾਂਗ ਚੇਨ ਨੇ ਬੀਜਿੰਗ 'ਚ ਦੱਸਿਆ ਕਿ ਚੋਣ ਕਮੇਟੀ ਕੋਲ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੁੰ ਨਾਮਜ਼ਦ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਆਕਾਰ, ਢਾਂਚੇ ਤੇ ਗਠਨ ਦੀ ਵਿਵਸਥਾ 'ਚ ਵੀ ਬਦਲਾਅ ਕੀਤਾ ਜਾਵੇਗਾ ਤੇ ਮੁੱਖ ਕਾਰਜਕਾਰੀ ਦੀ ਨਿਯੁਕਤੀ ਵੀ ਚੋਣ ਕਮੇਟੀ ਕਰੇਗੀ। ਮੌਜੂਦਾ ਵਿਵਸਥਾ ਤਹਿਤ ਹਾਂਗਕਾਂਗ ਦੀ 70 ਮੈਂਬਰ ਵਿਧਾਨ ਸਭਾ ਦੇ ਅੱਧੇ ਮੈਂਬਰ ਸਿੱਧੇ ਵੋਟਰਾਂ ਵੱਲੋਂ ਚੁਣੇ ਜਾਂਦੇ ਹਨ, ਜਦੋਂਕਿ ਬਾਕੀ ਅੱਧੇ ਮੈਂਬਰ ਬੀਮਾ, ਇੰਜੀਨੀਅਰਿੰਗ ਤੇ ਖੇਤੀਬਾੜੀ ਵਰਗੇ ਖੇਤਰਾਂ ਤੋਂ ਚੁਣੇ ਜਾਂਦੇ ਹਨ। ਇਸ ਲਈ ਚੀਨੀ ਸਮਰਥਨ ਵਾਲੀ ਕਮੇਟੀ ਸਾਰੇ ਉਮੀਦਵਾਰਾਂ ਨੂੰ ਨਾਮਜ਼ਦ ਕਰਦੀ ਹੈ, ਜਦੋਂਕਿ ਵਿਰੋਧੀ ਹਸਤੀਆਂ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਜਾਂਦਾ ਹੈ।

Posted By: Susheel Khanna