ਹਾਂਗਕਾਂਗ (ਏਪੀ) : ਹਾਂਗਕਾਂਗ 'ਚ ਚੋਣਾਂ 'ਚ ਸੁਧਾਰ ਦੇ ਨਾਂ 'ਤੇ ਆਪਣੀ ਤਾਕਤ ਵਧਾਉਣ ਲਈ ਚੀਨ ਨੇ ਆਖਿਰ ਇਕ ਬਿੱਲ ਪੇਸ਼ ਕਰ ਹੀ ਦਿੱਤਾ। ਇਸ ਬਿੱਲ ਤੋਂ ਬਾਅਦ ਹਾਂਗਕਾਂਗ ਦੀ ਵਿਧਾਨਸਭਾ 'ਚ ਚੀਨ ਦਾ ਦਬਦਬਾ ਹੋਰ ਵੱਧ ਜਾਵੇਗਾ। ਨਾਲ ਹੀ ਲੋਕਤੰਤਰੀ ਵਿਵਸਥਾਵਾਂ 'ਤੇ ਉਸ ਦਾ ਕੰਟਰੋਲ ਮਜ਼ਬੂਤ ਹੋਵੇਗਾ।

ਹਾਂਗਕਾਂਗ 'ਚ ਰਾਜਨੀਤਿਕ ਆਜ਼ਾਦੀ ਚੀਨ ਦੇ ਨੈਸ਼ਨਲ ਸਕਿਓਰਿਟੀ ਲਾਅ ਦੇ ਆਉਣ ਤੋਂ ਬਾਅਦ ਬਹੁਤ ਘੱਟ ਹੋ ਗਈ ਹੈ। ਇਸ ਬਾਰੇ ਹਾਂਗਕਾਂਗ 'ਚ ਜ਼ਬਰਦਸਤ ਪ੍ਰਦਰਸ਼ਨ ਵੀ ਹੋਏ। ਹੁਣ ਆਪਣਾ ਸ਼ਿਕੰਜਾ ਕੱਸਣ ਲਈ ਚੀਨ ਨੇ ਚੋਣ ਸੁਧਾਰ ਬਿੱਲ ਲਿਆ ਕੇ ਪੂਰਾ ਕਬਜ਼ਾ ਕਰ ਲਿਆ ਹੈ।

ਹਾਂਗਕਾਂਗ ਦੇ ਸੰਵਿਧਾਨਿਕ ਅਤੇ ਮੁੱਖ ਮਾਮਲਿਆਂ ਦੇ ਸਕੱਤਰ ਏਰਿਕ ਤਸਾਂਗ ਨੇ ਕਿਹਾ ਕਿ ਇਸ ਬਿੱਲ ਨਾਲ ਸਰਕਾਰ ਨੂੰ ਹਾਂਗਕਾਂਗ 'ਚ ਪ੍ਰਸ਼ਾਸਨਿਕ ਵਿਵਸਥਾਵਾਂ ਨੂੰ ਸੁਧਾਰਨ 'ਚ ਮਦਦ ਮਿਲੇਗੀ। ਬਿੱਲ ਦੇ ਮਈ 'ਚ ਪਾਸ ਹੋਣ ਦੀ ਸੰਭਾਵਨਾ ਹੈ। ਹਾਂਗਕਾਂਗ 'ਚ 70 ਮੈਂਬਰਾਂ ਵਾਲੀ ਵਿਧਾਨਸਭਾ 'ਚ ਹੁਣ ਤਕ ਅੱਧੇ ਮੈਂਬਰਾਂ ਦੀ ਵੱਖ-ਵੱਖ ਖੇਤਰਾਂ ਤੋਂ ਨਾਮਜ਼ਦਗੀ ਹੁੰਦੀ ਸੀ। ਚੋਣਾਂ 'ਚ ਸੁਧਾਰ ਸਬੰਧੀ ਨਵੇਂ ਬਿੱਲ ਤੋਂ ਬਾਅਦ 20 ਮੈਂਬਰ ਸਿੱਧੇ ਜਨਤਾ ਦੀ ਵੋਟ ਨਾਲ ਚੁਣੇ ਜਾਣਗੇ ਪਰ ਪਹਿਲਾਂ ਦੇ 70 ਦੇ ਮੁਕਾਬਲੇ ਹੁਣ ਵਿਧਾਨਸਭਾ 'ਚ ਹੁਣ 90 ਮੈਂਬਰਾਂ ਦੀ ਗਿਣਤੀ ਹੋਵੇਗੀ।