ਕਾਠਮੰਡੂ (ਏਜੰਸੀ) : ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਜਾਇਦਾਦ 'ਚ ਪਿਛਲੇ ਕੁਝ ਸਾਲਾਂ ਦੌਰਾਨ ਭਾਰੀ ਵਾਧਾ ਹੋਇਆ ਹੈ। ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਖ਼ਾਤਿਆਂ ਦਾ ਪਤਾ ਲੱਗਿਆ ਹੈ। ਇਸ ਭਿ੍ਸ਼ਟਾਚਾਰ 'ਚ ਚੀਨੀ ਰਾਜਦੂਤ ਉਨ੍ਹਾਂ ਦੇ ਬੜੇ ਮਦਦਗਾਰ ਹਨ। ਇਹ ਚੀਨ ਦੀ ਕੋਈ ਨਵੀਂ ਚਾਲ ਨਹੀਂ ਹੈ। ਉਹ ਨੇਪਾਲ ਵਰਗੇ ਕਮਜ਼ੋਰ ਅਰਥਚਾਰੇ ਵਾਲੇ ਦੇਸ਼ਾਂ 'ਚ ਵੜਨ ਲਈ ਉੱਥੋਂ ਦੇ ਭਿ੍ਸ਼ਟ ਨੇਤਾਵਾਂ ਦਾ ਇਸਤੇਮਾਲ ਕਰਦਾ ਰਿਹਾ ਹੈ। ਇਹ ਗੱਲ ਗਲੋਬਲ ਵਾਚ ਅਨੈਲੇਸਿਸ ਦੀ ਤਾਜ਼ਾ ਰਿਪੋਰਟ 'ਚ ਕਹੀ ਗਈ ਹੈ।

ਰਿਪੋਰਟ ਦੇ ਲੇਖਕ ਰੋਲਾਂਡ ਜੈਕਾਰਟ ਮੁਤਾਬਕ ਇਸ ਪਿੱਛੇ ਚੀਨ ਦੇ ਦੋ ਉਦੇਸ਼ ਹਨ। ਪਹਿਲਾ, ਉਸ ਦੇਸ਼ 'ਚ ਚੀਨੀ ਕੰਪਨੀਆਂ ਦੇ ਕਾਰੋਬਾਰੀ ਹਿੱਤਾਂ ਨੂੰ ਅੱਗੇ ਵਧਾਉਣਾ। ਦੂਜਾ ਉਸ ਦੇਸ਼ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨਾ ਤਾਂ ਜੋ ਚੀਨ ਦਾ ਲੰਬਚਿਰਾ ਅਸਰ ਕਾਇਮ ਰਹੇ।

ਰਿਪੋਰਟ ਮੁਤਾਬਕ, ਓਲੀ ਦਾ ਜਨੇਵਾ ਸਥਿਤ ਮਿਲਾਬਾਡ ਬੈਂਕ 'ਚ ਵੀ ਖ਼ਾਤਾ ਹੈ। ਇਸ ਬੈਂਕ 'ਚ ਓਲੀ ਨੇ ਲਾਂਗ ਟਰਮ ਡਿਪਾਜ਼ਿਟ ਤੇ ਸ਼ੇਅਰਸ ਦੇ ਤੌਰ 'ਤੇ 5.5 ਮਿਲੀਅਨ ਡਾਲਰ (ਕਰੀਬ 48 ਕਰੋੜ ਰੁਪਏ) ਨਿਵੇਸ਼ ਕੀਤੇ ਹੋਏ ਹਨ। ਇਸ ਨਾਲ ਓਲੀ ਤੇ ਉਨ੍ਹਾਂ ਦੀ ਪਤਨੀ ਰਾਧਿਕਾ ਸ਼ਾਕਿਆ ਨੂੰ ਸਾਲਾਨਾ ਕਰੀਬ 3.5 ਕਰੋੜ ਰੁਪਏ ਦਾ ਮੁਨਾਫ਼ਾ ਹੁੰਦਾ ਹੈ। ਹਾਲਾਂਕਿ ਬੈਂਕ ਨੇ ਆਪਣੇ ਕੋਲ ਓਲੀ ਦੇ ਨਾਂ ਨਾਲ ਕੋਈ ਖ਼ਾਤਾ ਨਾ ਹੋਣ ਦੀ ਗੱਲ ਕਹੀ ਹੈ। ਰਿਪੋਰਟ 'ਚ ਚੀਨ ਦੀ ਮਦਦ ਨਾਲ ਓਲੀ ਦੇ ਭਿ੍ਸ਼ਟ ਕਾਰਨਾਮਿਆਂ ਦੀਆਂ ਕਈ ਮਿਸਾਲਾਂ ਵੀ ਗਿਣਾਈਆਂ ਹਨ।

2015-16 'ਚ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਰੂਪ 'ਚ ਆਪਣੇ ਪਹਿਲੇ ਕਾਰਜਕਾਲ 'ਚ ਓਲੀ ਨੇ ਚੀਨ ਦੇ ਤੱਤਕਾਲੀ ਰਾਜਦੂਤ ਤੇ ਚੁੰਤਾਈਨ ਦੀ ਮਦਦ ਨਾਲ ਕੰਬੋਡੀਆ ਦੇ ਟੈਲੀਕਮਿਊਨੀਕੇਸ਼ਨ ਸੈਕਟਰ 'ਚ ਨਿਵੇਸ਼ ਕੀਤਾ ਸੀ। ਓਲੀ ਦੇ ਕਰੀਬੀ ਨੇਪਾਲੀ ਕਾਰੋਬਾਰੀ ਅੰਗ ਸ਼ੇਰਿੰਗ ਸ਼ੇਰਪਾ ਨੇ ਇਹ ਸੌਦਾ ਕਰਵਾਇਆ ਸੀ। ਇਸ 'ਚ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੂ ਸੇਨ ਤੇ ਚੀਨੀ ਡਿਪਲੋਮੈਟ ਬੋ ਜਿਆਂਗਓ ਨੇ ਵੀ ਮਦਦ ਕੀਤੀ ਸੀ। ਓਲੀ ਆਪਣੇ ਦੂਜੇ ਕਾਰਜਕਾਲ 'ਚ ਵੀ ਭਿ੍ਸ਼ਟਾਚਾਰ ਦੇ ਅਜਿਹੇ ਹੀ ਦੋਸ਼ਾਂ ਨਾਲ ਘਿਰੇ ਹੋਏ ਹਨ। ਉਨ੍ਹਾਂ ਨੇ ਨਿਯਮਾਂ ਨੂੰ ਦਰਕਿਨਾਰ ਕਰ ਕੇ ਚੀਨੀ ਪ੍ਰਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਦਸੰਬਰ 2018 'ਚ ਇਕ ਡਿਜੀਟਲ ਐਕਸ਼ਨ ਰੂਮ ਦੇ ਨਿਰਮਾਣ ਦਾ ਠੇਕਾ ਬਗ਼ੈਰ ਕਿਸੇ ਟੈਂਡਰ ਦੇ ਚੀਨੀ ਕੰਪਨੀ ਹੁਆਵੇ ਨੂੰ ਦੇ ਦਿੱਤਾ ਗਿਆ। ਜਦਕਿ ਸਰਕਾਰੀ ਕੰਪਨੀ ਨੇਪਾਲ ਟੈਲੀਕਮਿਊਨੀਕੇਸ਼ਨ ਇਹ ਕੰਮ ਬਾਖੂਬੀ ਕਰ ਸਕਦੀ ਸੀ। ਜਦੋਂ ਰੌਲਾ ਪਿਆ ਤਾਂ ਇਸ ਦੀ ਜਾਂਚ ਕਰਵਾਈ ਗਈ ਤਾਂ ਪਤਾ ਲੱਗਿਆ ਕਿ ਓਲੀ ਦੇ ਸਿਆਸੀ ਸਲਾਹਕਾਰ ਵਿਸ਼ਣੂ ਰਿਮਲ ਦੇ ਪੁੱਤਰ ਨੇ ਇਹ ਸੌਦਾ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ ਤਾਂ ਜੋ ਉਸ ਨੂੰ ਵਿੱਤੀ ਲਾਭ ਮਿਲ ਸਕੇ। ਇਕ ਹੋਰ ਮਿਸਾਲ ਮਈ 2019 ਦੀ ਹੈ, ਜਦੋ ਨਿਯਮਾਂ ਨੂੰ ਨਜ਼ਰ ਅੰਦਾਜ਼ ਕਰ ਕੇ ਮਨਮਰਜ਼ੀ ਨਾਲ ਚੀਨੀ ਕੰਪਨੀਆਂ ਨੂੰ ਕਰੋੜਾਂ ਦੇ ਠੇਕੇ ਦਿੱਤੇ ਗਏ।

ਓਲੀ ਦੀਆਂ ਇਨ੍ਹਾਂ ਹੀ ਕਰਤੂਤਾਂ ਕਾਰਨ ਬੀਤੇ ਜੂਨ 'ਚ ਵਿਦਿਆਰਥੀ ਸੜਕਾਂ 'ਤੇ ਉਤਰ ਆਏ ਸਨ। ਉਹ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਤੌਰ ਤਰੀਕਿਆਂ ਤੋਂ ਗੁੱਸੇ 'ਚ ਸਨ। ਵਿਦਿਆਰਥੀਆਂ ਦਾ ਦੋਸ਼ ਸੀ ਕਿ ਚੀਨ ਤੋਂ ਜਿਹੜੀ ਪੀਪੀਈ ਕਿੱਟ, ਟੈਸਟ ਕਿੱਟ ਆਦਿ ਖ਼ਰੀਦੇ ਗਏ, ਉਹ ਘਟੀਆ ਹੀ ਨਹੀਂ, ਮਹਿੰਗੇ ਵੀ ਹਨ। ਇਸ ਮਾਮਲੇ 'ਚ ਨੇਪਾਲ ਦੇ ਸਿਹਤ ਮੰਤਰੀ ਤੋਂ ਇਲਾਵਾ ਓਲੀ ਦੇ ਕਈ ਕਰੀਬੀ ਸਲਾਹਕਾਰਾਂ ਖ਼ਿਲਾਫ਼ ਰਿਸ਼ਵਤਖੋਰੀ ਦੀ ਜਾਂਚ ਚੱਲ ਰਹੀ ਹੈ। ਭਿ੍ਸ਼ਟਾਰ ਦੇ ਕਈ ਜਿਹੇ ਦੋਸ਼ਾਂ ਤੋਂ ਨੇਪਾਲ 'ਚ ਓਲੀ ਤੇ ਉਨ੍ਹਾਂ ਦੇ ਚੀਨੀ ਸਹਿਯੋਗੀਆਂ ਲਈ ਮੁਸ਼ਕਲ ਹਾਲਾਤ ਪੈਦਾ ਹੁੰਦੇ ਜਾ ਰਹੇ ਹਨ।