ਹਾਂਗਕਾਂਗ ,ਏਪੀ : ਚੀਨ ਦੇ ਹੱਥਾਂ ਵਿਚ ਖੇਡ ਰਹੀ ਹਾਂਗਕਾਂਗ ਪੁਲਿਸ ਨੇ ਐਤਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ 47 ਲੋਕਤੰਤਰ ਸਮਰਥਕ ਅੰਦੋਲਨਕਾਰੀਆਂ ਨੂੰ ਗਿ੍ਫ਼ਤਾਰ ਕਰ ਲਿਆ। ਇਨ੍ਹਾਂ 'ਤੇ ਦੇਸ਼-ਵਿਰੋਧੀ ਸਾਜ਼ਿਸ਼ ਰੱਚਣ ਦਾ ਦੋਸ਼ ਲਗਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਸਾਲ ਜਨਵਰੀ ਵਿਚ ਪੁਲਿਸ ਨੇ ਸਾਬਕਾ ਐੱਮਪੀਜ਼ ਅਤੇ ਲੋਕਤੰਤਰ ਸਮਰਥਕਾਂ ਨੂੰ ਵੱਡੇ ਪੈਮਾਨੇ 'ਤੇ ਗਿ੍ਫ਼ਤਾਰ ਕੀਤਾ ਸੀ ਪ੍ਰੰਤੂ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਹੁਣ ਉਨ੍ਹਾਂ ਨੂੰ ਫਿਰ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਸੋਮਵਾਰ ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


ਪੁਲਿਸ ਨੇ ਇਨ੍ਹਾਂ ਲੋਕਾਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਹੈ। ਇਸ ਕਾਨੂੰਨ ਨੂੰ ਚੀਨ ਨੇ ਪਿਛਲੇ ਸਾਲ ਜੂਨ ਵਿਚ ਇੱਥੇ ਲਾਗੂ ਕੀਤਾ ਸੀ। ਜਿਨ੍ਹਾਂ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ 39 ਮਰਦ ਅਤੇ ਅੱਠ ਔਰਤਾਂ ਸ਼ਾਮਲ ਹਨ। ਇਨ੍ਹਾਂ ਦੀ ਉਮਰ 23 ਤੋਂ ਲੈ ਕੇ 64 ਸਾਲ ਵਿਚਕਾਰ ਹੈ। ਪੁਲਿਸ ਮੁਤਾਬਕ ਅੰਦੋਲਨਕਾਰੀ ਨਾ ਕੇਵਲ ਸ਼ਹਿਰ ਦੀ ਵਿਵਸਥਾ ਨੂੰ ਨਕਾਰਾ ਕਰਨਾ ਚਾਹੁੰਦੇ ਸਨ ਸਗੋਂ ਸਰਕਾਰ ਨੂੰ ਉਖਾੜ ਸੁੱਟਣ ਦੀ ਸਾਜ਼ਿਸ਼ ਰੱਚ ਰਹੇ ਸਨ। ਐਤਵਾਰ ਨੂੰ ਜਿਨ੍ਹਾਂ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਉਨ੍ਹਾਂ ਵਿਚ ਸਾਬਕਾ ਐੱਮਪੀ ਏਡੀ ਚੂ ਵੀ ਸ਼ਾਮਲ ਹਨ। ਉਨ੍ਹਾਂ ਦੇ ਅਧਿਕਾਰਤ ਟਵਿੱਟਰ ਅਕਾਊਂਟ ਨੇ ਵੀ ਗਿ੍ਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਧਰ, ਪ੍ਰਰਾਇਮਰੀ ਚੋਣਾਂ ਵਿਚ ਉਮੀਦਵਾਰ ਰਹੀ ਵਿਨੀ ਯੂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਦਿੱਤੀ ਗਈ ਹੈ।

Posted By: Rajnish Kaur