ਬੀਜਿੰਗ (ਏਜੰਸੀਆਂ) : ਚੀਨ ਵਿਚ ਫੈਲੀ ਮਹਾਮਾਰੀ ਦੇ ਕੇਂਦਰ ਵੁਹਾਨ ਸਥਿਤ ਇਕ ਹਸਪਤਾਲ ਦੇ ਡਾਇਰੈਕਟਰ ਦੀ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਚੀਨ ਦੇ ਸਰਕਾਰੀ ਮੀਡੀਆ ਸੀਸੀਟੀਵੀ ਨੇ ਇਹ ਜਾਣਕਾਰੀ ਦਿੱਤੀ।

ਖ਼ਬਰ ਅਨੁਸਾਰ, ਵੁਚਾਂਗ ਹਸਪਤਾਲ ਦੇ ਡਾਇਰੈਕਟਰ ਲਿਓ ਝਿਮਿੰਗ ਦੀ ਜਾਨ ਬਚਾਉਣ ਦੇ ਸਾਰੇ ਯਤਨ ਅਸਫਲ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਲਿਓ ਤੋਂ ਪਹਿਲੇ ਕੋਰੋਨਾ ਵਾਇਰਸ ਕਾਰਨ ਹਸਪਤਾਲ ਦੇ ਡਾਇਰੈਕਟਰ ਪੱਧਰ ਦੇ ਕਿਸੇ ਵਿਅਕਤੀ ਦੇ ਮਰਨ ਦੀ ਖ਼ਬਰ ਨਹੀਂ ਆਈ ਸੀ। ਉਧਰ, ਕੋਰੋਨਾ ਵਾਇਰਸ ਨਾਲ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 1,868 ਹੋ ਗਈ ਹੈ ਜਦਕਿ ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਕੁਲ ਗਿਣਤੀ 72,436 ਹੋ ਗਈ ਹੈ। ਲਿਓ ਦੀ ਮੌਤ ਦੀ ਖ਼ਬਰ ਸਭ ਤੋਂ ਪਹਿਲੇ ਚੀਨੀ ਮੀਡੀਆ ਅਤੇ ਬਲਾਗਰਾਂ ਨੇ ਮੰਗਲਵਾਰ ਅੱਧੀ ਰਾਤ ਪਿੱਛੋਂ ਦਿੱਤੀ ਸੀ ਪ੍ਰੰਤੂ ਫਿਰ ਇਸ ਖ਼ਬਰ ਨੂੰ ਹਟਾ ਲਿਆ ਗਿਆ ਸੀ। ਤਦ ਦੱਸਿਆ ਜਾ ਰਿਹਾ ਸੀ ਕਿ ਡਾਕਟਰ ਬਿਮਾਰ ਲਿਓ ਨੂੰ ਬਚਾਉਣ ਦੇ ਯਤਨ ਵਿਚ ਲੱਗੇ ਹਨ। ਲਿਓ ਦੀ ਮੌਤ ਨੂੰ ਵੁਹਾਨ ਦੇ ਅੱਖਾਂ ਦੇ ਡਾਕਟਰ ਲੀ ਵੇਨ ਲਿਯਾਂਗ ਦੀ ਮੌਤ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਅੱਖਾਂ ਦੇ ਡਾਕਟਰ ਲੀ ਵੇਨ ਲਿਯਾਂਗ ਨੂੰ ਦਸੰਬਰ ਦੇ ਅਖੀਰ ਵਿਚ ਕੋਰੋਨਾ ਵਾਇਰਸ ਦੇ ਖ਼ਤਰੇ ਪ੍ਰਤੀ ਆਗਾਹ ਕਰਨ ਲਈ ਚੀਨ ਦੀ ਪੁਲਿਸ ਨੇ ਸਜ਼ਾ ਦਿੱਤੀ ਸੀ। ਲੀ ਦੀ ਮੌਤ 'ਤੇ ਦੇਸ਼ ਭਰ ਵਿਚ ਰੋਸ ਦੇ ਨਾਲ ਹੀ ਲੋਕਾਂ ਨੇ ਸਰਕਾਰੀ ਵਿਵਸਥਾ 'ਤੇ ਵਾਇਰਸ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਸੀ। ਲੋਕਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਲਿਓ ਦੇ ਨਾਲ ਲੀ ਨੂੰ ਵੀ ਯਾਦ ਕੀਤਾ। ਦੱਸਣਯੋਗ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ ਛੇ ਡਾਕਟਰ ਕਰਮੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1,716 ਕਰਮੀ ਇਸ ਤੋਂ ਪ੍ਰਭਾਵਿਤ ਹੋਏ ਹਨ।

ਵੁਹਾਨ 'ਚ ਮਾਸਕ ਦੀ ਕਮੀ ਦਾ ਸਾਹਮਣਾ ਕਰ ਰਹੇ ਡਾਕਟਰ

ਵੁਹਾਨ ਵਿਚ ਡਾਕਟਰਾਂ ਕੋਲ ਮਾਸਕ ਅਤੇ ਰੱਖਿਆਤਮਕ ਬਾਡੀਸੂਟ ਦੀ ਕਮੀ ਹੈ। ਕੁਝ ਡਾਕਟਰ ਤਾਂ ਕੰਮ ਚਲਾਊ ਮਾਸਕ ਅਤੇ ਸੂਟ ਪਾ ਕੇ ਲਗਾਤਾਰ ਕੰਮ ਕਰ ਰਹੇ ਹਨ। ਸਿਹਤ ਕਰਮੀਆਂ ਨੇ ਦੱਸਿਆ ਕਿ ਕੁਝ ਡਾਕਟਰਾਂ ਵਿਚ ਸਾਹ ਸਬੰਧੀ ਸਮੱਸਿਆ ਦੇ ਲੱਛਣ ਨਜ਼ਰ ਆ ਰਹੇ ਹਨ ਪ੍ਰੰਤੂ ਡਾਕਟਰ ਕਰਮਚਾਰੀਆਂ ਦੀ ਕਮੀ ਕਾਰਨ ਉਨ੍ਹਾਂ ਨੂੰ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿਚ ਦਿਖਾਈ ਦੇ ਰਿਹਾ ਹੈ। ਇੱਥੇ ਹੁਣ ਤਕ 1,800 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਾਪਾਨ 'ਚ ਫਸੇ ਕਰੂਜ਼ 'ਚ 88 ਹੋਰ ਮਰੀਜ਼

ਜਾਪਾਨ ਵਿਚ ਫਸੇ ਕਰੂਜ਼ 'ਚ 88 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਪਤਾ ਚੱਲਿਆ ਹੈ। ਹਾਲਾਂਕਿ ਜਿਨ੍ਹਾਂ 65 ਲੋਕਾਂ ਦੇ ਟੈਸਟ ਪਾਜ਼ੇਟਿਵ ਆਏ ਹਨ ਉਨ੍ਹਾਂ ਵਿਚ ਅਜੇ ਵੀ ਵਾਇਰਸ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਜਾਪਾਨ ਦੇ ਸਿਹਤ ਮੰਤਰਾਲੇ ਨੇ ਕਰੂਜ਼ ਵਿਚ ਮੌਜੂਦ ਨਾਗਰਿਕਾਂ ਨੂੰ ਇਕ ਪੱਤਰ ਭੇਜ ਕੇ ਉਨ੍ਹਾਂ ਨੂੰ 19 ਤੋਂ 21 ਫਰਵਰੀ ਵਿਚਕਾਰ ਕੱਢਣ ਦੀ ਗੱਲ ਕਹੀ ਹੈ। ਦੱਸਣਯੋਗ ਹੈ ਕਿ ਇਹ ਕਰੂਜ਼ ਪੰਜ ਫਰਵਰੀ ਨੂੰ ਜਾਪਾਨ ਦੀ ਯੋਕੋਹਾਮਾ ਬੰਦਰਗਾਹ ਪੁੱਜਾ ਸੀ। ਹਾਲਾਂਕਿ ਉਸ ਸਮੇਂ ਇਸ ਜਹਾਜ਼ ਵਿਚ ਕੋਈ ਵਾਇਰਸ ਪ੍ਰਭਾਵਿਤ ਵਿਅਕਤੀ ਨਹੀਂ ਸੀ ਪ੍ਰੰਤੂ ਹਾਂਗਕਾਂਗ ਵਿਚ ਉਤਰੇ ਇਕ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਉਣ ਪਿੱਛੋਂ ਕਰੂਜ਼ ਨੂੰ ਤੱਟ 'ਤੇ ਹੀ ਰੋਕ ਲਿਆ ਗਿਆ ਹੈ।

ਐੱਚਆਈਵੀ ਦਵਾਈਆਂ ਦਾ ਕਲੀਨਿਕ ਖੋਲ੍ਹਣ ਦੀ ਯੋਜਨਾ

ਅਰਥ-ਵਿਵਸਥਾ ਅਤੇ ਸਿਹਤ ਲਈ ਵੱਧਦੇ ਖ਼ਤਰੇ ਨੂੰ ਦੇਖਦੇ ਹੋਏ ਜਾਪਾਨ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਐੱਚਆਈਵੀ ਦਵਾਈਆਂ ਦੇ ਕਲੀਨੀਕਲ ਤਜਰਬੇ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਹਾਲਾਂਕਿ ਦਵਾਈ ਦੀ ਵਰਤੋਂ ਦੀ ਮਨਜ਼ੂਰੀ ਦੇਣ ਵਿਚ ਕਿੰਨਾ ਸਮਾਂ ਲੱਗੇਗਾ ਇਸ ਵਿਸ਼ੇ 'ਚ ਕੁਝ ਨਹੀਂ ਦੱਸਿਆ ਗਿਆ ਹੈ। ਉਧਰ, ਥਾਈਲੈਂਡ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਲੂ ਅਤੇ ਐੱਚਆਈਵੀ ਦਵਾਈਆਂ ਮਿਲਾ ਕੇ ਵਰਤੋਂ ਕਰਨ ਨਾਲ ਕੁਝ ਗੰਭੀਰ ਮਾਮਲਿਆਂ ਦੇ ਇਲਾਜ 'ਚ ਸਫਲਤਾ ਮਿਲੀ ਹੈ।

ਤਿਮਾਹੀ ਮਾਲੀਏ 'ਚ ਆਏਗੀ ਗਿਰਾਵਟ : ਐਪਲ

ਕੋਰੋਨਾ ਦੇ ਖ਼ਤਰੇ ਦਾ ਅਸਰ ਕਈ ਦੇਸ਼ਾਂ ਦੀ ਅਰਥ-ਵਿਵਸਥਾ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਆਲਮ ਇਹ ਹੈ ਕਿ ਅਜੇ ਤਕ ਦੋ ਦਰਜਨ ਤੋਂ ਜ਼ਿਆਦਾ ਟਰੇਡ ਫੇਅਰ ਅਤੇ ਇੰਡਸਟ੍ਰੀਅਲ ਕਾਨਫਰੰਸ ਨੂੰ ਰੱਦ ਕੀਤਾ ਜਾ ਚੁੱਕਾ ਹੈ। ਤਾਜ਼ਾ ਖ਼ਬਰ ਫੋਨ ਨਿਰਮਾਤਾ ਕੰਪਨੀ ਐਪਲ ਵੱਲੋਂ ਆਈ ਹੈ। ਉਸ ਨੇ ਕਿਹਾ ਹੈ ਕਿ ਚੀਨ ਵਿਚ ਆਈਫੋਨ ਉਤਪਾਦਨ ਵਿਚ ਕਮੀ ਅਤੇ ਕਮਜ਼ੋਰ ਮੰਗ ਕਾਰਨ ਉਹ ਚਾਲੂ ਤਿਮਾਹੀ ਦੇ ਮਾਲੀਏ ਨੂੰ ਪ੍ਰਰਾਪਤ ਨਹੀਂ ਕਰ ਸਕੇਗੀ। ਮੰਗਲਵਾਰ ਨੂੰ ਇਸ ਐਲਾਨ ਪਿੱਛੋਂ ਵਿਸ਼ਵ ਦੇ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦਿਖਾਈ ਦਿੱਤੀ। ਕੋਰੀਆਈ ਰਾਸ਼ਟਰਪਤੀ ਮੂਨ ਜੇ ਇਨ ਨੇ ਕਿਹਾ ਕਿ ਅਰਥ-ਵਿਵਸਥਾ ਇਕ ਹੰਗਾਮੀ ਸਥਿਤੀ 'ਚ ਹੈ ਅਤੇ ਮੰਗ ਘੱਟਣ ਕਾਰਨ ਲੋੜੀਂਦੇ ਉਤਸ਼ਾਹ ਦੀ ਲੋੜ ਹੈ।

ਸਿੰਗਾਪੁਰ ਨੇ 33 ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ

ਸਿੰਗਾਪੁਰ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਨਿਪਟਣ ਲਈ 4.6 ਅਰਬ ਡਾਲਰ (32 ਹਜ਼ਾਰ ਕਰੋੜ ਰੁਪਏ ਤੋਂ ਅਧਿਕ) ਦਾ ਪ੍ਰਬੰਧ ਕੀਤਾ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਅਰਥ-ਵਿਵਸਥਾ ਨੂੰ ਨੁਕਸਾਨ ਹੋਣ ਦੇ ਨਾਲ ਹੀ ਹੋਰ ਮੰਦੀ ਦੇ ਖ਼ਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ।

ਸਿੰਗਾਪੁਰ ਵਿਚ ਅਜੇ ਤਕ ਕੋਰੋਨਾ ਵਾਇਰਸ ਦੇ 77 ਮਾਮਲੇ ਸਾਹਮਣੇ ਆ ਚੁੱਕੇ ਹਨ। ਵਪਾਰ ਅਤੇ ਸੈਰਸਪਾਟਾ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਿੱਤ ਮੰਤਰੀ ਨੇ ਕਿਹਾ ਹੈ ਕਿ ਅਜੇ ਨੁਕਸਾਨ ਦਾ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ। ਉਮੀਦ ਹੈ ਕਿ ਸਥਿਤੀਆਂ ਸਾਡੇ ਅਨੁਮਾਨ ਤੋਂ ਕਿਤੇ ਜ਼ਿਾਆਦਾ ਖ਼ਰਾਬ ਹੋ ਸਕਦੀਆਂ ਹਨ।

ਪਾਕਿ ਦੂਤਘਰ ਦੇ ਅਧਿਕਾਰੀਆਂ ਨੂੰ ਭੇਜੇਗਾ ਵੁਹਾਨ

ਚੀਨ 'ਚ ਕੋਰੋਨਾ ਵਾਇਰਸ ਦੇ ਖ਼ਤਰੇ ਵਿਚਕਾਰ ਪਾਕਿਸਤਾਨ ਨੇ ਆਪਣੇ ਦੋ ਅਧਿਕਾਰੀਆਂ ਨੂੰ ਵੁਹਾਨ ਵਿਚ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਸਰਕਾਰ ਨੇ ਬੀਜਿੰਗ ਸਥਿਤ ਆਪਣੇ ਦੂਤਘਰ ਦੇ ਦੋ ਅਧਿਕਾਰੀਆਂ ਨੂੰ ਵੁਹਾਨ ਵਿਚ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਉੱਥੇ ਵੱਖ-ਵੱਖ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਪਾਕਿਸਤਾਨੀ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਸਕਣ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ ਨੇ ਪਾਕਿਸਤਾਨ ਦੀ ਹਕੂਮਤ ਦੀ ਗੁਜ਼ਾਰਿਸ਼ ਨੂੰ ਸਵੀਕਾਰ ਕਰਦੇ ਹੋਏ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਨ ਵਿਚ ਲਗਪਗ 28,000 ਪਾਕਿਸਤਾਨੀ ਵਿਦਿਆਰਥੀ ਵੱਖ-ਵੱਖ ਸੰਸਥਾਵਾਂ ਵਿਚ ਪੜ੍ਹ ਰਹੇ ਹਨ। ਕੋਰੋਨਾ ਵਾਇਰਸ ਦੇ ਕੇਂਦਰ ਮੰਨੇ ਜਾ ਰਹੇ ਇਕੱਲੇ ਵੁਹਾਨ 'ਚ ਹੀ ਲਗਪਗ 500 ਪਾਕਿਸਤਾਨੀ ਵਿਦਿਆਰਥੀ ਫਸੇ ਹਨ।

ਗੁਤਰਸ ਨੇ ਕੋਰੋਨਾ ਵਾਇਰਸ 'ਤੇ ਚਿੰਤਾ ਪ੍ਰਗਟਾਈ

ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਕੋਰੋਨਾ ਵਾਇਰਸ ਦੇ ਫੈਲਣ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਵਾਇਰਸ ਨਾ ਕੇਵਲ ਕੰਟਰੋਲ ਤੋਂ ਬਾਹਰ ਹੈ ਸਗੋਂ ਇਹ ਕਾਫ਼ੀ ਖ਼ਤਰਨਾਕ ਸਥਿਤੀ ਵਿਚ ਜਾ ਪੁੱਜਾ ਹੈ। ਚਾਰ ਰੋਜ਼ਾ ਯਾਤਰਾ 'ਤੇ ਪਾਕਿਸਤਾਨ ਆਏ ਗੁਤਰਸ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਖ਼ਤਰੇ ਬਹੁਤ ਜ਼ਿਆਦਾ ਹਨ ਅਤੇ ਸਾਨੂੰ ਇਸ ਨਾਲ ਨਿਪਟਣ ਲਈ ਵਿਸ਼ਵ ਪੱਧਰ 'ਤੇ ਤਿਆਰੀ ਕਰਨੀ ਹੋਵੇਗੀ।