ਬੀਜਿੰਗ, ਆਈਏਐੱਨਐੱਸ ; ਚੀਨ ’ਚ ਅਜੇ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਹਾਲਾਂਕਿ ਦੁਨੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਦੀ ਰਫਤਾਰ ਰੁਕ ਗਈ ਹੈ ਪਰ ਇਹ ਚੀਨ ਵਿਚ ਬੇਰੋਕ ਜਾਰੀ ਹੈ। ਚੀਨ ਨੇ ਬੁੱਧਵਾਰ ਨੂੰ ਫਿਰ ਤੋਂ ਦੱਖਣੀ ਕੋਰੀਆ ਤੋਂ ਆਉਣ ਵਾਲੇ ਲੋਕਾਂ ਲਈ ਕੋਵਿਡ-19 ਟੈਸਟ ਲਾਜ਼ਮੀ ਕਰ ਦਿੱਤਾ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਅਧਿਕਾਰੀਆਂ ਅਤੇ ਸੂਤਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਕੰਮ ਕਰਨ ਵਾਲੀਆਂ ਏਅਰਲਾਈਨਾਂ ਨੂੰ ਨੋਟਿਸ ਭੇਜਿਆ ਸੀ।
ਦੱਖਣੀ ਕੋਰੀਆ ਤੋਂ ਆਉਣ ਵਾਲੇ ਲੋਕਾਂ ਲਈ ਟੈਸਟ ਲਾਜ਼ਮੀ
ਨੋਟਿਸ ਵਿਚ ਚੀਨੀ ਹਵਾਬਾਜ਼ੀ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਕੋਰੀਆ ਤੋਂ ਚੀਨ ਲਈ ਸਿੱਧੀਆਂ ਉਡਾਣਾਂ ਵਿਚ ਸਵਾਰ ਸਾਰੇ ਯਾਤਰੀਆਂ ਦਾ ਬੁੱਧਵਾਰ ਤੋਂ ਪੋਲੀਮਰੇਜ ਚੇਨ ਰਿਐਕਸ਼ਨ (ਪੀਸੀਆਰ) ਟੈਸਟ ਕੀਤਾ ਜਾਵੇਗਾ। ਇਹ ਕਦਮ ਗੁਆਂਢੀ ਦੇਸ਼ ਵਿੱਚ ਕੋਵਿਡ ਦੇ ਨਵੇਂ ਮਾਮਲਿਆਂ ਦੇ ਤੇਜ਼ੀ ਨਾਲ ਫੈਲਣ ਕਾਰਨ ਪਿਛਲੇ ਮਹੀਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਚੱੁਕਿਆ ਗਿਆ ਹੈ। ਇਸ ਤੋਂ ਪਹਿਲਾਂ ਚੀਨ ਨੇ ਪੀਸੀਆਰ ਟੈਸਟ ਨੂੰ ਖ਼ਤਮ ਕਰ ਦਿੱਤਾ ਸੀ। ਯੋਨਹਾਪ ਨਿਊਜ਼ ਏਜੰਸੀ ਨੇ ਅਧਿਕਾਰੀਆਂ ਅਤੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪੀਸੀਆਰ ਟੈਸਟ ਤੋਂ ਬਾਅਦ ਪਾਜ਼ੇਟਿਵ ਪਾਏ ਜਾਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਜਾਂ ਹਸਪਤਾਲ ਵਿਚ ਭਰਤੀ ਕਰਨਾ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਚੀਨ ਨੇ ਇਹ ਕਦਮ ਚੁੱਕਿਆ ਸੀ। ਫਿਰ ਚੀਨ ਨੇ ਲਾਜ਼ਮੀ ਪੀਸੀਆਰ ਟੈਸਟਾਂ ਨੂੰ ਖ਼ਤਮ ਕਰ ਦਿੱਤਾ ਸੀ ਪਰ ਹੁਣ ਇਕ ਵਾਰ ਫਿਰ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
Posted By: Harjinder Sodhi