ਕੋਲੰਬੋ (ਆਈਏਐੱਨਐੱਸ) : ਸ੍ਰੀਲੰਕਾ ਵਿਚ ਸ਼ਨਿਚਰਵਾਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਪ੍ਰਚਾਰ ਖ਼ਤਮ ਹੋ ਗਿਆ। ਸਾਰੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਪੂਰੀ ਤਾਕਤ ਦਾ ਪ੍ਰਦਰਸ਼ਨ ਕੀਤਾ। ਪ੍ਰਚਾਰ ਦੌਰਾਨ ਸਾਫ਼-ਸੁਥਰਾ ਪ੍ਰਸ਼ਾਸਨ, ਅਰਥ-ਵਿਵਸਥਾ ਅਤੇ ਕੌਮੀ ਸੁਰੱਖਿਆ ਦੇ ਮੁੱਦੇ ਛਾਏ ਰਹੇ।

ਸਥਾਨਕ ਅਖ਼ਬਾਰ 'ਡੇਲੀ ਫਾਇਨੈਂਸ਼ੀਅਲ ਟਾਈਮਜ਼' ਅਨੁਸਾਰ ਪ੍ਰਮੁੱਖ ਉਮੀਦਵਾਰਾਂ ਸ੍ਰੀਲੰਕਾ ਪੋਦੁਜਨਾ ਪੈਰਾਮੁਨਾ (ਐੱਸਐੱਲਪੀਪੀ) ਦੇ ਗੋਤਬਾਯਾ ਰਾਜਪਕਸ਼ੇ, ਨਿਊ ਡੈਮੋਕ੍ਰੇਟਿਕ ਫਰੰਟ (ਐੱਨਡੀਐੱਫ) ਦੇ ਸਜਿਤ ਪ੍ਰਰੇਮਦਾਸਾ, ਨੈਸ਼ਨਲ ਪੀਪਲਜ਼ ਪਾਵਰਸ (ਐੱਨਪੀਪੀ) ਦੇ ਅਰੁਣਾ ਕੁਮਾਰ ਦਿਸਾਨਾਇਕੇ ਅਤੇ ਨੈਸ਼ਨਲ ਪੀਪਲਜ਼ ਮੂਵਮੈਂਟ (ਐੱਨਪੀਐੱਮ) ਦੇ ਮਹੇਸ਼ ਸੈਨਾਨਾਇਕੇ ਨੇ ਬੁੱਧਵਾਰ ਅੱਧੀ ਰਾਤ ਤਕ ਪ੍ਰਚਾਰ ਕੀਤਾ। ਇਨ੍ਹਾਂ ਆਗੂਆਂ ਨੇ ਪ੍ਰਚਾਰ ਦੇ ਆਖਰੀ ਸਮੇਂ ਨਾ ਸਿਰਫ਼ ਵੋਟਰਾਂ ਨਾਲ ਸੰਪਰਕ ਕੀਤਾ ਸਗੋਂ ਆਪਣੀਆਂ ਨੀਤੀਆਂ ਦਾ ਖਾਕਾ ਵੀ ਪੇਸ਼ ਕੀਤਾ। ਗੋਤਬਾਯਾ ਨੇ ਹੋਮਗਾਮਾ ਦੀ ਰੈਲੀ ਵਿਚ ਵਾਅਦਾ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਏਗਾ। ਗੋਤਬਾਯਾ (70) ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਛੋਟੇ ਭਰਾ ਹਨ। ਉਹ ਦੇਸ਼ ਦੇ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਦਾ ਵੀ ਵਾਅਦਾ ਕੀਤਾ ਹੈ।

ਸੱਤਾਧਾਰੀ ਐੱਨਡੀਐੱਫ ਦੇ ਉਮੀਦਵਾਰ ਪ੍ਰਰੇਮਦਾਸਾ ਨੇ ਪ੍ਰਚਾਰ ਦੇ ਆਖਰੀ ਦਿਨ ਕਿਹਾ ਕਿ ਚੋਣ ਜਿੱਤਣ ਦੇ 48 ਘੰਟੇ ਅੰਦਰ ਸੈਰਸਪਾਟੇ ਨੂੰ ਬਰਾਮਦ ਸਨਅਤ ਵਜੋਂ ਵਰਗੀਕ੍ਰਿਤ ਕਰ ਦਿਆਂਗਾ ਅਤੇ ਬਰਾਮਦ ਖੇਤਰ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿਆਂਗਾ। ਦਿਸਾਨਾਇਕੇ ਨੇ ਸ੍ਰੀਲੰਕਾ ਨੂੰ ਭਿ੍ਸ਼ਟਾਚਾਰ ਅਤੇ ਅੱਤਵਾਦ ਮੁਕਤ ਦੇਸ਼ ਬਣਾਉਣ ਦਾ ਵਾਅਦਾ ਕੀਤਾ ਜਦਕਿ ਸੈਨਾਨਾਇਕੇ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਭਿ੍ਸ਼ਟਾਚਾਰ ਮਾਮਲਿਆਂ ਵਿਚ ਮਿਲੀ ਕਾਨੂੰਨੀ ਛੋਟ ਖ਼ਤਮ ਕਰਨ ਦਾ ਵਾਅਦਾ ਕੀਤਾ।

ਚੋਣ ਦੀਆਂ ਅਹਿਮ ਗੱਲਾਂ

-ਇਸ ਰਾਸ਼ਟਰਪਤੀ ਚੋਣ ਵਿਚ ਰਿਕਾਰਡ 35 ਉਮੀਦਵਾਰਾਂ ਨੇ ਕੀਤੇ ਕਾਗਜ਼ ਦਾਖ਼ਲ।

-ਮੁੱਖ ਮੁਕਾਬਲਾ ਐੱਸਐੱਲਪੀਪੀ ਦੇ ਗੋਤਬਾਯਾ ਅਤੇ ਐੱਨਡੀਐੱਫ ਦੇ ਪ੍ਰਰੇਮਦਾਸਾ ਵਿਚਕਾਰ।

-1.59 ਕਰੋੜ ਵੋਟਰ ਕਰ ਸਕਣਗੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ।

-ਰਾਸ਼ਟਰਪਤੀ ਚੋਣ ਦਾ ਨਤੀਜਾ 17 ਨਵੰਬਰ ਨੂੰ ਜਾਰੀ ਕੀਤਾ ਜਾਏਗਾ।

ਯੂਰਪੀ ਸੰਘ ਦੇ ਦਰਸ਼ਕ ਰੱਖਣਗੇ ਨਜ਼ਰ

ਯੂਰਪੀ ਸੰਘ (ਈਯੂ) ਦੇ ਦਰਸ਼ਕ ਸ੍ਰੀਲੰਕਾ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ 'ਤੇ ਨਜ਼ਰ ਰੱਖਣਗੇ। ਉਹ ਚੋਣ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਫੇਕ ਨਿਊਜ਼ ਦਾ ਵਿਸ਼ਲੇਸ਼ਣ ਵੀ ਕਰਨਗੇ। ਯੂਰਪੀ ਸੰਘ ਦੇ ਚੋਣ ਦਰਸ਼ਕ ਮਿਸ਼ਨ ਦੀ ਮੁਖੀ ਮਾਰੀਆ ਮੈਟਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।