ਕਾਬੁਲ (ਰਾਇਟਰ) : ਅਫ਼ਗਾਨਿਸਤਾਨ 'ਚ ਤਿੰਨ ਦਿਨਾਂ ਦੀ ਜੰਗਬੰਦੀ ਦੇ ਬਾਵਜੂਦ ਈਦ 'ਤੇ ਮਸਜਿਦ 'ਚ ਨਮਾਜ਼ ਦੌਰਾਨ ਬੰਬ ਧਮਾਕਾ ਹੋਇਆ। ਘਟਨਾ 'ਚ 12 ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਨੇ ਘਟਨਾ 'ਚ ਹੱਥ ਹੋਣ ਤੋਂ ਇਨਕਾਰ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਕਿਸੇ ਹੋਰ ਸੰਗਠਨ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।

ਪੁਲਿਸ ਦੇ ਬੁਲਾਰੇ ਮੁਤਾਬਕ ਬੰਬ ਧਮਾਕਾ ਕਾਬੁਲ ਦੇ ਸ਼ਕਰਦਾਰਾ ਜ਼ਿਲ੍ਹਾ ਦੀ ਮਸਜਿਦ 'ਚ ਹੋਇਆ। ਮਸਜਿਦ ਦੇ ਇਮਾਮ ਸਮੇਤ 12 ਲੋਕਾਂ ਦੀ ਮੌਤ ਹੋ ਗਈ, 15 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ।

ਅਫ਼ਗਾਨਿਸਤਾਨ 'ਚ ਹਿੰਸਾ ਦਾ ਦੌਰ ਜਾਰੀ ਹੈ। ਵੀਰਵਾਰ ਨੂੰ ਵੱਖ-ਵੱਖ ਥਾਵਾਂ 'ਤੇ 11 ਨਾਗਰਿਕਾਂ ਦੀ ਮੌਤ ਹੋ ਗਈ ਅਤੇ 13 ਜ਼ਖ਼ਮੀ ਹੋਏ ਹਨ। ਮਸਜਿਦ 'ਚ ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਸ਼ਿਆ ਆਬਾਦੀ ਵਾਲੇ ਇਲਾਕੇ 'ਚ ਕੁੜੀਆਂ ਦੇ ਇਕ ਸਕੂਲ ਦੇ ਸਾਹਮਣੇ ਲਗਾਤਾਰ ਤਿੰਨ ਬੰਬ ਧਮਾਕੇ ਹੋਏ ਸਨ, ਜਿਨ੍ਹਾਂ 'ਚ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਮਰਨ ਵਾਲਿਆਂ 'ਚ ਜ਼ਿਆਦਾ ਵਿਦਿਆਰਥਣਾਂ ਸਨ।

ਇਨ੍ਹਾਂ ਦੋਵਾਂ ਘਟਨਾਵਾਂ ਤੋਂ ਸੰਕੇਤ ਮਿਲਦਾ ਹੈ ਕਿ ਅਫ਼ਗਾਨ ਸਰਕਾਰ ਦਾ ਰਸਤਾ ਸੌਖਾ ਨਹੀਂ ਹੈ। ਇੱਥੇ ਤਾਲਿਬਾਨ ਦੇ ਨਾਲ ਹੀ ਇਸਲਾਮਿਕ ਸਟੇਟ (ਆਈਐੱਸ) ਵਰਗੇ ਕਈ ਅੱਤਵਾਦੀ ਸੰਗਠਨ ਸਰਗਰਮ ਹਨ। ਅਮਰੀਕਾ ਨੇ ਲੜਕੀਆਂ ਦੇ ਸਕੂਲ 'ਤੇ ਹਮਲੇ 'ਚ ਆਈਐੱਸ ਦਾ ਹੱਥ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।