ਢਾਕਾ (ਰਾਇਟਰ) : ਬੰਗਲਾਦੇਸ਼ 'ਚ ਹੜ੍ਹ ਨਾਲ ਪਿਛਲੇ ਇਕ ਹਫ਼ਤੇ 'ਚ 30 ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ। ਦੂਜੀਆਂ ਨਦੀਆਂ ਤੋਂ ਇਲਾਵਾ ਵੀਰਵਾਰ ਨੂੰ ਬ੍ਰਹਮਪੁੱਤਰ ਨਦੀ ਦੇ ਬੰਨ੍ਹ ਟੁੱਟ ਜਾਣ ਨਾਲ ਹੜ੍ਹ ਨੇ ਹੋਰ ਭਿਆਨਕ ਰੂਪ ਧਾਰ ਲਿਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਨਾਲ ਉੱਤਰੀ ਤੇ ਉੱਤਰ ਪੱਛਮੀ ਬੰਗਲਾਦੇਸ਼ ਦੇ 23 ਜ਼ਿਲ੍ਹੇ ਹੜ੍ਹ ਦੀ ਲਪੇਟ 'ਚ ਹਨ। ਬੁਰੀ ਤਰ੍ਹਾਂ ਪ੍ਰਭਾਵਿਤ ਬੋਗਰਾ ਜ਼ਿਲ੍ਹੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਪੀੜਤਾਂ ਲਈ ਇਕ ਹਜ਼ਾਰ ਆਰਜੀ ਕੈਂਪ ਤਿਆਰ ਕੀਤੇ ਗਏ ਹਨ। ਪਰ ਪਾਣੀ ਦੇ ਤੇਜ਼ ਵਹਾਅ ਤੇ ਸੜਕਾਂ ਟੁੱਟ ਜਾਣ ਨਾਲ ਲੋਕ ਇਨ੍ਹਾਂ ਕੈਂਪਾਂ ਤਕ ਨਹੀਂ ਪਹੁੰਚ ਪਾ ਰਹੇ ਹਨ। ਵੱਡੀ ਗਿਣਤੀ 'ਚ ਲੋਕ ਹਾਲੇ ਵੀ ਨਦੀਆਂ ਦੇ ਬੰਨ੍ਹ, ਰੇਲ ਪਟੜੀਆਂ ਤੇ ਹਾਈਵੇ 'ਤੇ ਡੇਰਾ ਲਾਈ ਬੈਠੇ ਹਨ। ਅਧਿਕਾਰੀਆਂ ਵੱਲੋਂ ਸ਼ੰਕਾ ਪ੍ਰਗਟਾਈ ਗਈ ਹੈ ਕਿ ਵਧਦੇ ਪਾਣੀ ਦੇ ਪੱਧਰ ਨਾਲ ਫਸਲਾਂ ਦੇ ਨੁਕਸਾਨ ਤੋਂ ਇਲਾਵਾ ਵੱਡੀ ਗਿਣਤੀ 'ਚ ਪਸ਼ੂਆਂ ਦੀ ਜਾਨ ਵੀ ਜਾ ਸਕਦੀ ਹੈ। ਰਾਹਤ ਤੇ ਬਚਾਅ ਕਾਰਜ 'ਚ ਲੱਗੇ ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ 'ਚ ਇਸ ਸਾਲ ਹੜ੍ਹ ਦਾ ਕਹਿਰ ਪਿਛਲੇ ਸਾਲਾਂ ਦੀ ਤੁਲਨਾ 'ਚ ਕਾਫ਼ੀ ਜ਼ਿਆਦਾ ਹੈ।