ਢਾਕਾ : ਮਹਿਲਾ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਬੰਗਲਾਦੇਸ਼ ਮਹਿਲਾ ਪ੍ਰੀਸ਼ਦ ਦੇ ਪੰਜ ਸਾਲ ਦਾ ਸੰਘਰਸ਼ ਰੰਗ ਲੈ ਆਇਆ ਹੈ ਅਤੇ ਇੱਥੇ ਔਰਤਾਂ ਦੀ ਜਿੱਤ ਹੋਈ ਹੈ। ਦਰਅਸਲ, ਅਦਾਲਤ ਨੇ ਔਰਤਾਂ ਦੇ ਹੱਕ ’ਚ ਫੈਸਲਾ ਦਿੱਤਾ ਹੈ। ਹੁਣ ਉਨ੍ਹਾਂ ਨੂੰ ਆਪਣੇ ਨਿਕਾਹ ਦੇ ਸਰਟੀਫਿਕੇਟ ’ਤੇ ‘ਵਰਜਿਨ (ਕੁਆਰੀ)’ ਸ਼ਬਦ ਨਹੀਂ ਲਿਖਣਾ ਪਵੇਗਾ। ਕੋਰਟ ਨੇ ਬੰਗਲਾਦੇਸ਼ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਸਰਟੀਫਿਕੇਟ ’ਤੇ ਵਰਜਿਨ ਸ਼ਬਦ ਦੀ ਥਾਂ ਅਣ-ਵਿਆਹੀ ਸ਼ਬਦ ਦੀ ਵਰਤੋਂ ਹੋਵੇ। ਦੱਸਣਯੋਗ ਹੈ ਕਿ ਹੁਣ ਤਕ ਇਥੇ ਨਿਕਾਹ ਦੇ ਸਮੇਂ ਸਰਟੀਫਿਕੇਟ ’ਚ ਔਰਤਾਂ ਨੂੰ ਆਪਣਾ ਸਟੇਟਸ ਚੁਣਨਾ ਹੁੰਦਾ ਹੈ ਜਿਸ ’ਚ ਤਿੰਨ ਬਦਲ-ਵਰਜਿਨ, ਤਲਾਕਸ਼ੁਦਾ ਤੇ ਵਿਧਵਾ ਹੈ ਪਰ ਹੁਣ ਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਨਹੀਂ ਦਿੱਤਾ ਜਾਵੇਗਾ।

ਦੁਲਹਨ ਨੂੰ ਦੱਸਣਾ ਪੈਂਦਾ ਹੈ ਆਪਣਾ ਸਟੇਟਸ

ਔਰਤਾਂ ਦੀ ਨਿੱਜਤਾ ਦੀ ਰੱਖਿਆ ਕਰਨ ਵਾਲੀ ਪਟੀਸ਼ਨ ਨੇ ਪੂਰੇ ਵਿਸ਼ਵਾਸ ਨਾਲ ਇਹ ਲੜਾਈ ਲੜੀ। ਦੱਖਣੀ ਏਸ਼ੀਆ ਦੇ ਮੁਸਲਿਮ ਬਹੁ-ਆਬਾਦੀ ਦੇਸ਼ਾਂ ’ਚ ਵਿਆਹ ਕਾਨੂੰਨਾਂ ਦੇ ਅਨੁਸਾਰ, ਮੈਰਿਜ ਸਰਟੀਫਿਕੇਟ ’ਤੇ ਲਾੜੀ ਨੂੰ ਇਹ ਦੱਸਣਾ ਹੁੰਦਾ ਹੈ ਕਿ ਕੁਆਰੀ, ਵਿਧਵਾ ਜਾ ਫਿਰ ਤਲਾਕਸ਼ੁਦਾ ਹੈ। ਪਰ ਐਤਵਾਰ ਨੂੰ ਇਥੇ ਦੇ ਹਾਈ ਕੋਰਟ ਨੇ ਸਰਕਾਰ ਨੂੰ ਆਦੇਸ਼ ਦਿੱਤਾ ਕਿ ਵਰਜਿਨ ਸ਼ਬਦ ਦੀ ਥਾਂ ਅਣ-ਵਿਆਹੀ ਸ਼ਬਦ ਦੀ ਵਰਤੋਂ ਕੀਤੀ ਜਾਵੇਗੀ।

ਲਾੜਾ ਨਹੀਂ ਦੱਸਦਾ ਆਪਣਾ ਸਟੇਟਸ

ਕੋਰਟ ਦੇ ਨਵੇਂ ਨਿਯਮਾਂ ਅਨੁਸਾਰ, ਲਾੜੇ ਨੂੰ ਵੀ ਹੁਣ ਦੱਸਣਾ ਪਵੇਗਾ ਕਿ ਉਹ ਅਣ-ਵਿਆਹਾ, ਤਲਾਕਸ਼ੁਦਾ ਜਾ ਵਿਧੁਰ ਹੈ। ਇਸ ਤੋਂ ਪਹਿਲਾਂ ਪੁਰਸ਼ਾਂ ਲਈ ਇਹ ਨਿਯਮ ਨਹੀਂ ਸੀ। ਹਾਲਾਂਕਿ ਹੁਣ ਇਸ ਬਾਰੇ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਕਿ ਇਹ ਕਦੋਂ ਲਾਗੂ ਹੋਵੇਗਾ।

2014 ’ਚ ਦਰਜ ਹੋਇਆ ਸੀ ਮਾਮਲਾ

ਇਸ ਮਾਮਲੇ ਨੂੰ ਦੇਖਣ ਵਾਲੇ ਦੋ ’ਚੋਂ ਇਕ ਵਕੀਲ ਏਨੁਨ ਨਾਹਰ ਸਿਦਿੱਕਾ ਨੇ ਦੱਸਿਆ ਕਿ ਇਹ ਮਾਮਲਾ 2014 ਦਾ ਹੈ ਜਦ ਰਿਟ ਪਟੀਸ਼ਨ ਦਰਜ ਕਰਾਈ ਗਈ ਸੀ ਤੇ 1974 ਦੇ Bangladesh Muslim Marriage and Divorce Act ’ਚ ਬਦਲਾਅ ਦੀ ਮੰਗ ਕੀਤੀ ਗਈ ਸੀ। ਬੰਗਲਾਦੇਸ਼ ਸਰਕਾਰ ਨੂੰ ਮੈਰਿਜ ਸਰਟੀਫਿਕੇਟ ’ਚ ਇਸ ਨਵੇਂ ਬਦਲਾਅ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

Posted By: Sukhdev Singh