ਬਗ਼ਦਾਦ (ਏਜੰਸੀ) : ਦੁਨੀਆ ਦੇ ਸਭ ਤੋਂ ਖੁੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਸਰਗਨਾ ਅਬੁ ਬਕਰ ਅਲ ਬਗ਼ਦਾਦੀ ਨੂੰ ਮਾਰ ਸੁੱਟਣ 'ਚ ਉਸ ਦੇ ਕਰੀਬੀ ਸਹਿਯੋਗੀ ਇਸਮਾਈਲ ਅਲ ਇਥਵੀ ਤੋਂ ਮਿਲੇ ਸੁਰਾਗ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ ਇਰਾਕੀ ਖ਼ੁਫ਼ੀਆ ਏਜੰਸੀਆਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਬਗ਼ਦਾਦੀ ਏਨੇ ਸਾਲਾਂ ਤੋਂ ਪਕੜ 'ਚ ਆਉਣ ਤੋਂ ਕਿਵੇਂ ਬੱਚਦਾ ਰਿਹਾ ਹੈ।

ਇਰਾਕੀ ਸੁਰੱਖਿਆ ਅਧਿਕਾਰੀਆਂ ਮੁਤਾਬਕ ਬਗ਼ਦਾਦੀ ਦੀ ਸਾਲਾਂ ਤੋਂ ਭਾਲ ਕੀਤੀ ਜਾ ਰਹੀ ਹੈ। ਫਰਵਰੀ 2018 'ਚ ਇਸਮਾਈਲ ਦੇ ਫੜੇ ਜਾਣ ਦੇ ਰੂਪ 'ਚ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ। ਉਸ ਨੂੰ ਤੁਰਕੀ ਦੇ ਅਧਿਕਾਰੀਆਂ ਨੇ ਫੜਨ ਤੋਂ ਬਾਅਦ ਇਰਾਕ ਦੇ ਹਵਾਲੇ ਕਰ ਦਿੱਤਾ ਸੀ। ਇਸਮਾਈਲ ਨੇ ਹੀ ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਬਗ਼ਦਾਦੀ ਗਿ੍ਫ਼ਤਾਰੀ ਤੋਂ ਬਚਣ ਲਈ ਕਈ ਹੱਥਕੰਡੇ ਅਪਣਾਉਂਦਾ ਹੈ। ਉਹ ਅਕਸਰ ਸਬਜ਼ੀ ਵੇਚਣ ਵਾਲਿਆਂ ਨਾਲ ਭਰੀ ਮਿੰਨੀ ਬਸ 'ਚ ਆਪਣੇ ਕਰੀਬੀ ਕਮਾਂਡਰਾਂ ਨਾਲ ਰਣਨੀਤਕ ਬੈਠਕ ਕਰਦਾ ਹੈ। ਇਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਇਸਮਾਈਲ ਨੇ ਅਜਿਹੀ ਅਹਿਮ ਸੂਚਨਾ ਦਿੱਤੀ, ਜਿਸ ਨੇ ਇਰਾਕੀ ਸੁਰੱਖਿਆ ਏਜੰਸੀਆਂ ਨੂੰ ਬਗ਼ਦਾਦੀ ਦੀਆਂ ਸਰਗਰਮੀਆਂ ਤੇ ਉਸ ਦੇ ਲੁਕਣ ਦੇ ਟਿਕਾਣਿਆਂ ਦੀਆਂ ਕੜੀਆਂ ਜੋੜਨ 'ਚ ਮਦਦ ਮਿਲੀ। ਉਸ ਨੇ ਆਪਣੇ ਸਮੇਤ ਉਨ੍ਹਾਂ ਪੰਜ ਸਿਖਰਲੇ ਲੋਕਾਂ ਬਾਰੇ ਵੀ ਜਾਣਕਾਰੀ ਦਿੱਤੀ ਸੀ, ਜਿਨ੍ਹਾਂ ਨਾਲ ਬਗ਼ਦਾਦੀ ਸੀਰੀਆ 'ਚ ਵੱਖ-ਵੱਖ ਥਾਵਾਂ 'ਤੇ ਬੈਠਕ ਕਰਦਾ ਸੀ।

ਪੰਜ ਮਹੀਨਿਆਂ ਤੋਂ ਰੱਖੀ ਜਾ ਰਹੀ ਸੀ ਨਜ਼ਰ

ਇਰਾਕ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਸਮਾਈਲ ਨੇ ਸੀਰੀਆ ਦੇ ਉਨ੍ਹਾਂ ਸਾਰੇ ਟਿਕਾਣਿਆਂ ਦੀ ਜਾਣਕਾਰੀ ਦਿੱਤੀ, ਜਿੱਥੇ ਉਹ ਬਗ਼ਦਾਦੀ ਨਾਲ ਬੈਠਕ ਕਰਦੇ ਸਨ। ਇਸ ਤੋਂ ਬਾਅਦ ਅਸੀਂ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਦੇ ਤਾਲਮੇਨ ਨਾਲ ਉਨ੍ਹਾਂ ਇਲਾਕਿਆਂ 'ਚ ਹੋਰ ਸੂਤਰ ਤਾਇਨਾਤ ਕੀਤੇ। ਇਸ ਸਾਲ ਦੇ ਸ਼ੁਰੂ 'ਚ ਅਸੀਂ ਸੀਰੀਆ ਦੇ ਇਦਲਿਬ 'ਚ ਉਸ ਥਾਂ ਦਾ ਪਤਾ ਲਗਾਉਣ 'ਚ ਕਾਮਯਾਬ ਹੋਏ, ਜਿੱਥੇ ਬਗ਼ਦਾਦੀ ਆਪਣੇ ਪਰਿਵਾਰ ਤੇ ਤਿੰਨ ਕਰੀਬੀ ਸਹਿਯੋਗੀਆਂ ਨਾਲ ਇਕ ਪਿੰਡ ਤੋਂ ਦੂਜੇ ਪਿੰਡ ਜਾ ਰਿਹਾ ਸੀ। ਅਸੀਂ ਇਹ ਜਾਣਕਾਰੀ ਸੀਆਈਏ ਨੂੰ ਦਿੱਤੀ। ਉਹ ਪੰਜ ਮਹੀਨੇ ਤੋਂ ਸੈਟਲਾਈਟ ਤੇ ਡ੍ਰੋਨ ਰਾਹੀਂ ਉਸ ਥਾਂ 'ਤੇ ਨਜ਼ਰ ਰੱਖੀ ਬੈਠੇ ਸਨ।

ਕੌਣ ਹੈ ਇਸਮਾਈਲ ਅਲ-ਇਥਵੀ

ਇਸਲਾਮੀ ਸਾਇਸਿੰਜ਼ 'ਚ ਪੀਐੱਚਡੀ ਕਰਨ ਵਾਲਾ ਇਸਮਾਈਲ ਅਲ ਇਥਵੀ ਬਾਅਦ 'ਚ ਅੱਤਵਾਦੀ ਬਣ ਗਿਆ ਸੀ। ਇਰਾਕੀ ਖ਼ੁਫ਼ੀਆ ਅਧਿਕਾਰੀ ਇਸ ਨੂੰ ਬਗ਼ਦਾਦੀ ਦੇ ਸਿਖਰਲੇ ਪੰਜ ਕਰੀਬੀ ਸਹਿਯੋਗੀਆਂ 'ਚ ਮੰਨਦੇ ਹਨ। ਇਸਮਾਈਲ 2006 'ਚ ਅਲਕਾਇਦਾ ਨਾਲ ਜੁੜਿਆ ਸੀ, ਪਰ ਅਮਰੀਕੀ ਬਲਾਂ ਨੇ ਉਸ ਨੂੰ 2008 'ਚ ਫੜ ਲਿਆ ਸੀ ਤੇ ਚਾਰ ਸਾਲ ਲਈ ਜੇਲ੍ਹ 'ਚ ਪਾ ਦਿੱਤਾ ਗਿਆ ਸੀ। ਆਈਐੱਸ ਨਾਲ ਜੁੜਨ 'ਤੇ ਬਗ਼ਦਾਦੀ ਨੇ ਉਸ ਨੂੰ ਧਾਰਮਿਕ ਫਰਮਾਨ ਜਾਰੀ ਕਰਨ ਤੇ ਆਈਐੱਸ ਕਮਾਂਡਰਾਂ ਦੀ ਚੋਣ ਦੀ ਜ਼ਿੰਮੇਵਾਰੀ ਸੌਂਪੀ ਸੀ। 2017 'ਚ ਆਈਐੱਸ ਦੇ ਪਤਨ ਤੋਂ ਬਾਅਦ ਇਸਮਾਈਲ ਆਪਣੀ ਸੀਰੀਆਈ ਪਤਨੀ ਨਾਲ ਸੀਰੀਆ ਭੱਜ ਗਿਆ ਸੀ।

ਦੂਜੇ ਅੱਤਵਾਦੀ ਗੁਟ ਤੋਂ ਵੀ ਸੀ ਖ਼ਤਰਾ

ਬਗ਼ਦਾਦੀ ਨੂੰ ਸੀਰੀਆ 'ਚ ਅਮਰੀਕੀ ਲੀਡਰਸ਼ਿਪ ਵਾਲੀ ਗਠਜੋੜ ਫ਼ੌਜ ਦੇ ਨਾਲ-ਨਾਲ ਇਕ ਸਥਾਨਕ ਅੱਤਵਾਦੀ ਧੜੇ ਤੋਂ ਵੀ ਖ਼ਤਰਾ ਸੀ। ਇਦਲਿਬ 'ਚ ਦਬਦਬਾ ਰੱਖਣ ਵਾਲੇ ਨੁਸਰਾ ਫਰੰਟ ਨਾਲ ਜੁੜੇ ਹਯਾਤ ਤਹਿਰੀਰ ਅਲ-ਸ਼ਾਮ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਸ ਦੇ ਇਲਾਕੇ 'ਚ ਬਗ਼ਦਾਦੀ ਹੈ, ਤਾਂ ਉਹ ਵੀ ਉਸ ਦੀ ਭਾਲ 'ਚ ਲੱਗ ਗਿਆ ਸੀ। ਨੁਸਰਾ ਫਰੰਟ ਤੇ ਆਈਐੱਸ 'ਚ ਦੁਸ਼ਮਣੀ ਹੈ। ਸੀਰੀਆਈ ਜੰਗ ਦੌਰਾਨ ਦੋਵਾਂ ਵਿਚਕਾਰ ਖ਼ੂਬ ਸੰਘਰਸ਼ ਹੋਇਆ ਸੀ।