ਮੈਲਬੌਰਨ (ਪੀਟੀਆਈ) : ਭਾਰਤ ਦੇ ਬੈਂਗਲੁਰੂ 'ਚ ਫਸੇ 37 ਸਾਲਾ ਆਸਟ੍ਰੇਲਿਆਈ ਨਾਗਰਿਕ ਗੈਰੀ ਨਿਊਮੈਨ ਨੇ ਸਿਡਨੀ ਦੀ ਅਦਾਲਤ 'ਚ ਸੰਘੀ ਸਰਕਾਰ ਖ਼ਿਲਾਫ਼ ਮੁਕੱਦਮਾ ਕੀਤਾ ਹੈ। ਗੈਰੀ ਨੇ ਕਿਹਾ ਕਿ ਉਹ ਭਾਰਤ 'ਚ ਫਸੇ ਹੋਏ ਹਨ। ਆਸਟ੍ਰੇਲੀਆ ਦੀ ਸਰਕਾਰ ਨੇ ਭਾਰਤ ਤੋਂ ਫਲਾਈਟ ਦੇ ਆਉਣ 'ਤੇ ਰੋਕ ਲਗਾ ਦਿੱਤੀ ਹੈ। ਹੁਣ ਧਮਕੀ ਦਿੱਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਆਉਣ ਵਾਲਿਆਂ 'ਤੇ ਜੁਰਮਾਨਾ ਲਾ ਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ।

ਗੈਰੀ ਦੇ ਵਕੀਲ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਗ਼ੈਰ-ਸੰਵਿਧਾਨਿਕ ਦੱਸਦੇ ਹੋਏ ਇਸ ਨੂੰ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਇਤਿਹਾਸ 'ਚ ਪਹਿਲੀ ਵਾਰ ਭਾਰਤ 'ਚ 14 ਦਿਨਾਂ ਤੋਂ ਜ਼ਿਆਦਾ ਰਹਿਣ ਵਾਲੇ ਆਸਟ੍ਰੇਲਿਆਈ ਨਾਗਰਿਕਾਂ ਦੇ ਵੀ ਦੇਸ਼ 'ਚ ਆਉਣ 'ਤੇ ਪਾਬੰਦੀ ਲਗਾਈ ਹੈ। ਸਰਕਾਰ ਨੇ ਇਸ ਦੀ ਉਲੰਘਣਾ ਕਰਨ 'ਤੇ ਪੰਜ ਸਾਲ ਦੀ ਜੇਲ੍ਹ ਅਤੇ 50899 ਡਾਲਰ (ਲਗਪਗ 37 ਲੱਖ 56 ਹਜ਼ਾਰ ਰੁਪਏ) ਦਾ ਜੁਰਮਾਨਾ ਲਗਾਉਣ ਦਾ ਹੁਕਮ ਦਿੱਤਾ ਹੈ।

ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ 24 ਤੋਂ 48 ਘੰਟਿਆਂ ਵਿਚਾਲੇ ਸੁਣਵਾਈ ਦੀ ਤਰੀਕ ਤੈਅ ਕੀਤੀ ਜਾਵੇ। ਦੂਜੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਭਾਰਤ ਤੋਂ ਯਾਤਰਾ 'ਤੇ ਪਾਬੰਦੀ ਸਹੀ ਹੈ। ਇਹ ਦੇਸ਼ 'ਚ ਕੋਰੋਨਾ ਦੀ ਤੀਸਰੀ ਲਹਿਰ ਰੋਕਣ ਲਈ ਜ਼ਰੂਰੀ ਹੈ। ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ।