ਕੈਨਬਰਾ (ਆਈਏਐੱਨਐੱਸ) : ਆਸਟ੍ਰੇਲੀਆ ਦੇ 120 ਸਾਲ ਦੇ ਇਤਿਹਾਸ ਵਿਚ ਇਸ ਸਾਲ ਬਸੰਤ ਰੁੱਤ ਵਿਚ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਆਸਟ੍ਰੇਲੀਆ ਵਿਚ ਇਸ ਸਾਲ ਨੂੰ ਸਭ ਤੋਂ ਗਰਮ ਸਾਲ ਦੇ ਤੌਰ 'ਤੇ ਵੀ ਦਰਜ ਕੀਤਾ ਗਿਆ ਹੈ। ਮੱਧ ਨਵੰਬਰ ਵਿਚ ਪੱਛਮੀ ਆਸਟ੍ਰੇਲੀਆ ਵਿਚ ਤਾਪਮਾਨ ਰਿਕਾਰਡ 47.1 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਸੀ।

ਮੌਸਮ ਬਿਊਰੋ ਨੇ ਸੋਮਵਾਰ ਨੂੰ ਦੱਸਿਆ ਕਿ ਬਸੰਤ ਦੌਰਾਨ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਅੌਸਤ ਤੋਂ ਕਾਫ਼ੀ ਘੱਟ ਬਾਰਿਸ਼ ਹੋਈ ਹੈ। ਘੱਟ ਬਾਰਿਸ਼ ਦਾ ਲੋਕਾਂ ਅਤੇ ਵਾਤਾਵਰਨ 'ਤੇ ਜ਼ਿਕਰਯੋਗ ਅਸਰ ਦੇਖਣ ਨੂੰ ਮਿਲ ਰਿਹਾ ਹੈ। ਗਰਮੀ ਅਤੇ ਖੁਸ਼ਕ ਮੌਸਮ ਕਾਰਨ ਕਈ ਇਲਾਕਿਆਂ ਵਿਚ ਖੇਤੀ ਪ੍ਰਭਾਵਿਤ ਹੋਈ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਸਿਡਨੀ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ 50 ਫ਼ੀਸਦੀ ਤਕ ਘੱਟ ਕਰ ਦਿੱਤੀ ਗਈ ਹੈ। ਗਰਮ ਮੌਸਮ ਕਾਰਨ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਵੱਧ ਗਈਆਂ ਹਨ।