ਕਾਹਿਰਾ : 22 ਅਰਬ ਦੇਸ਼ਾਂ ਦੇ ਸੰਗਠਨ ਅਰਬ ਲੀਗ ਨੇ ਫਲਸਤੀਨ ਅਥਾਰਟੀ (ਪੀਏ) ਨੂੰ ਹਰ ਮਹੀਨੇ 10 ਕਰੋੜ ਡਾਲਰ (ਕਰੀਬ 700 ਕਰੋੜ ਰੁਪਏ) ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ। ਇਜ਼ਰਾਈਲ ਵੱਲੋਂ ਟੈਕਸ ਟਰਾਂਸਫਰ ਰੋਕੇ ਜਾਣ ਨਾਲ ਫਲਸਤੀਨ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਲੀਗ ਨੇ ਇਹ ਕਦਮ ਚੁੱਕਿਆ ਹੈ। ਪੀਏ ਵੱਲੋਂ ਇਜ਼ਰਾਈਲ ਹੀ ਟੈਕਸ ਜਮ੍ਹਾਂ ਕਰਦਾ ਹੈ। ਇਸ ਸਾਲ ਫਰਵਰੀ 'ਚ ਇਜ਼ਰਾਈਲ ਨੇ ਇਸ ਮਦ 'ਚ ਇਕੱਠੇ ਕੀਤੇ 13.8 ਕਰੋੜ ਡਾਲਰ ਟੈਕਸ ਟਰਾਂਸਫਰ 'ਤੇ ਰੋਕ ਲਗਾ ਦਿੱਤੀ ਸੀ। ਉਸ ਦਾ ਦੋਸ਼ ਸੀ ਕਿ ਫਲਸਤੀਨ ਸਰਕਾਰ ਇਜ਼ਰਾਈਲ 'ਤੇ ਹਮਲੇ ਕਰਨ ਲਈ ਜੇਲ੍ਹ 'ਚ ਬੰਦ ਕੈਦੀਆਂ ਨੂੰ ਪੈਸੇ ਦੇ ਰਹੀ ਹੈ।

ਕਾਹਿਰਾ 'ਚ ਹੋਈ ਬੈਠਕ ਤੋਂ ਬਾਅਦ ਅਰਬ ਲੀਗ ਨੇ ਸੋਮਵਾਰ ਨੂੰ ਕਿਹਾ, ਫਲਸਤੀਨ ਸਿਆਸੀ ਤੇ ਵਿੱਤੀ ਦਬਾਅ 'ਚੋਂ ਗੁਜ਼ਰ ਰਿਹਾ ਹੈ। ਸਾਰੇ ਅਰਬ ਦੇਸ਼ ਉਸ ਦੇ ਸਰਕਾਰੀ ਬਜਟ 'ਚ ਸਹਿਯੋਗ ਦੇਣਗੇ।' ਅਰਬ ਲੀਗ ਦਾ ਇਹ ਕਦਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਆਉਣ ਵਾਲੇ ਮਹੀਨਿਆਂ 'ਚ ਫਲਸਤੀਨ ਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਸਮਝੌਤਾ ਕਰਵਾਉਣ ਦੀ ਤਿਆਰੀ 'ਚ ਹੈ। ਫਲਸਤੀਨ ਹਾਲਾਂਕਿ ਅਮਰੀਕਾ ਪ੍ਰਤੀ ਕਈ ਵਾਰ ਬੇਭਰੋਸਗੀ ਪ੍ਰਗਟਾ ਚੁੱਕਾ ਹੈ। ਅਰਬ ਲੀਗ ਦਾ ਵੀ ਕਹਿਣਾ ਹੈ ਕਿ 'ਡੀਲ ਆਫ ਦ ਸੈਂਚੁਰੀ' ਕਹੇ ਜਾ ਰਹੇ ਇਸ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ ਸ਼ਾਂਤੀ ਨਹੀਂ ਆਵੇਗੀ। ਦੱਸਣਯੋਗ ਹੈ ਕਿ 1967 'ਚ ਹੋਏ ਅਰਬ-ਇਜ਼ਰਾਈਲ ਜੰਗ ਦੌਰਾਨ ਇਜ਼ਰਾਈਲ ਨੇ ਵੈਸਟ ਬੈਂਕ, ਗਾਜ਼ਾ ਪੱਟੀ ਤੇ ਪੂਰਬੀ ਯੇਰੂਸ਼ਲਮ 'ਤੇ ਕਬਜ਼ਾ ਕਰ ਲਿਆ ਸੀ। ਉਸ ਤੋਂ ਬਾਅਦ ਤੋਂ ਹੀ ਫਲਸਤੀਨ ਤੇ ਇਜ਼ਰਾਈਲ 'ਚ ਤਣਾਅ ਹੈ।