ਯੇਰੇਵਾਨ (ਰਾਇਟਰ) : ਅਰਮੇਨੀਆ ਤੇ ਅਜ਼ਰਬਾਈਜਾਨ ਵਿਚਾਲੇ ਵਿਵਾਦਤ ਖੇਤਰ ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਸੋਮਵਾਰ ਨੂੰ ਵੀ ਗੋਲ਼ੀਬਾਰੀ ਹੋਈ। ਇਸ 'ਚ 21 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਭਾਰੀ ਤੋਪਖਾਨੇ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਇਸ ਵਿਵਾਦਤ ਖੇਤਰ 'ਚ ਐਤਵਾਰ ਨੂੰ ਭੜਕੀ ਲੜਾਈ 'ਚ ਵੀ 16 ਦੀ ਮੌਤ ਸੀ ਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋਏ ਸਨ। 2016 ਤੋਂ ਬਾਅਦ ਦੋਵੇਂ ਦੇਸ਼ਾਂ 'ਚ ਇਹ ਸਭ ਤੋਂ ਜ਼ਿਆਦਾ ਭਿਆਨਕ ਲੜਾਈ ਹੈ।

ਅਰਮੇਨੀਆ ਦੀ ਸੰਸਦ ਨੇ ਅਜ਼ਰਬਾਈਜਾਨ ਦੇ ਫ਼ੌਜੀ ਹਮਲੇ ਦੀ ਨਿੰਦਾ ਕੀਤੀ ਤੇ ਦੋਸ਼ ਲਾਇਆ ਕਿ ਉਸ ਨੂੰ ਤੁਰਕੀ ਤੋਂ ਮਦਦ ਮਿਲ ਰਹੀ ਹੈ। ਇਸ ਵਿਚਾਲੇ, ਰੂਸ 'ਚ ਅਰਮੇਨੀਆ ਦੇ ਸਫ਼ੀਰ ਨੇ ਮਾਸਕੋ 'ਚ ਕਿਹਾ ਕਿ ਤੁਰਕੀ ਨੇ ਕਰੀਬ ਚਾਰ ਹਜ਼ਾਰ ਸੀਰੀਆਈ ਲੜਾਕੇ ਅਜ਼ਰਬਾਈਜਾਨ ਭੇਜੇ ਹਨ, ਜਦਕਿ ਅਜ਼ਰਬਾਈਜਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਫ਼ੌਜ ਨੇ ਉੱਚਾਈ ਵਾਲੇ ਰਣਨੀਤਕ ਮਹੱਤਵ ਦੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਇਧਰ, ਮਾਹਰਾਂ ਦਾ ਕਹਿਣਾ ਹੈ ਕਿ ਇਹ ਲੜਾਈ ਵੱਧਣ 'ਤੇ ਰੂਸ ਤੇ ਤੁਰਕੀ ਵੀ ਇਸ 'ਚ ਕੁੱਦ ਸਕਦੇ ਹਨ, ਕਿਉਂਕਿ ਮਾਸਕੋ ਅਰਮੇਨੀਆ ਦਾ ਰੱਖਿਆ ਭਾਈਵਾਲ ਹੈ ਤਾਂ ਅੰਕਾਰਾ ਅਜ਼ਰਬਾਈਜਾਨ ਦੀ ਹਮਾਇਤੀ ਹੈ। ਸਾਬਕਾ ਸੋਵੀਅਤ ਸੰਘ ਦੇ ਦੋਵੇਂ ਦੇਸ਼ਾਂ ਵਿਚਾਲੇ ਨਾਗੋਰਨੇ-ਕਾਰਾਬਾਖ ਖੇਤਰ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਹੈ। ਅਜ਼ਰਬਾਈਜਾਨ ਇਸ ਖੇਤਰ ਨੂੰ ਆਪਣਾ ਮੰਨਦਾ ਹੈ ਤੇ ਕੌਮਾਂਤਰੀ ਪੱਧਰ 'ਤੇ ਵੀ ਇਸ ਨੂੰ ਇਸੇ ਦੇਸ਼ ਦਾ ਹਿੱਸਾ ਮੰਨਿਆ ਜਾਂਦਾ ਹੈ। ਹਾਲਾਂਕਿ 1994 ਦੀ ਲੜਾਈ ਤੋਂ ਬਾਅਦ ਇਹ ਖੇਤਰ ਅਜ਼ਰਬਾਈਜਾਨ ਦੇ ਕੰਟਰੋਲ 'ਚ ਨਹੀਂ ਹੈ। ਇਸ ਖੇਤਰ 'ਚ ਦੋਵੇਂ ਧਿਰਾਂ ਦੇ ਫ਼ੌਜੀਆਂ ਦੀ ਭਾਰੀ ਮੌਜੂਦਗੀ ਹੈ।