ਵਾਸ਼ਿੰਗਟਨ (ਪੀਟੀਆਈ) : ਚੀਨ ਦੀ ਵਧਦੀ ਪਰਮਾਣੂ ਤਾਕਤ ਨੇ ਅਮਰੀਕਾ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਅਮਰੀਕੀ ਰੱਖਿਆ ਮੁੱਖ ਦਫਤਰ ਪੈਂਟਾਗਨ ਨੇ ਆਪਣੀ ਇਕ ਰਿਪੋਰਟ ’ਚ ਅੰਦਾਜ਼ਾ ਲਾਇਆ ਹੈ ਕਿ ਸਾਲ 2035 ਤਕ ਚੀਨ ਕੋਲ ਅੰਦਾਜ਼ਨ 1500 ਪਰਮਾਣੂ ਹਥਿਆਰ ਹੋ ਜਾਣਗੇ।

ਪੈਂਟਾਗਨ ਨੇ ਮੰਗਲਵਾਰ ਨੂੰ ਸੰਸਦ ਨੂੰ ਚੀਨ ਦੀਆਂ ਇੱਛਾਵਾਂ ਦੇ ਸਬੰਧ ’ਚ ਇਕ ਸਾਲਾਨਾ ਰਿਪੋਰਟ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਅਗਲੇ ਦਹਾਕੇ ਤਕ ਆਪਣੀ ਪਰਮਾਣੂ ਤਾਕਤ ਦੇ ਆਧੁਨਿਕੀਕਰਨ ਤੇ ਵਿਸਥਾਰ ਦੀ ਇੱਛਾ ਰੱਖਦਾ ਹੈ। ਚੀਨ ਦੀ ਮੌਜੂਦਾ ਪਰਮਾਣੂ ਆਧੁਨਿਕੀਕਰਨ ਅਭਿਆਸ ਪਿਛਲੀਆਂ ਕੋਸ਼ਿਸ਼ਾਂ ਦੇ ਮੁਕਾਬਲੇ ਵੱਧ ਵੱਡਾ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਜ਼ਮੀਨ, ਸਮੁੰਦਰ ਤੇ ਹਵਾ ਆਧਾਰਿਤ ਪਰਮਾਣੂ ਮੰਚਾਂ ਦੀ ਗਿਣਤੀ ਵਧਾ ਰਿਹਾ ਹੈ। ਉਹ ਆਪਣੀਆਂ ਪਰਮਾਣੂ ਫੋਰਸਾਂ ਦੇ ਵਿਸਥਾਰ ਲਈ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਵੀ ਕਰ ਰਿਹਾ ਹੈ। ਚੀਨ ਤੇਜ਼ੀ ਨਾਲ ਕੰਮ ਕਰਨ ਵਾਲੇ ਰਿਐਕਟਰ ਤੇ ਪ੍ਰਾਸੈਸਿੰਗ ਸਹੂਲਤਾਂ ਦਾ ਨਿਰਮਾਣ ਕਰ ਰਿਹਾ ਹੈ ਤਾਂਕਿ ਪਲੂਟੋਨੀਅਮ ਨੂੰ ਵੱਖ ਕਰਨ ਦੀ ਉਤਪਾਦਨ ਸਮਰੱਥਾ ਵਧਾਈ ਜਾ ਸਕੇ। ਪਲੂਟੋਨੀਅਮ ਦੀ ਵਰਤੋਂ ਪਰਮਾਣੂ ਹਥਿਆਰਾਂ ਵਿਚ ਕੀਤੀ ਜਾਂਦੀ ਹੈ। ਬੀਜਿੰਗ ਨੇ ਸ਼ਾਇਦ ਸਾਲ 2021 ’ਚ ਪਰਮਾਣੂ ਵਿਸਥਾਰ ਪ੍ਰੋਗਰਾਮਾਂ ਨੂੰ ਰਫਤਾਰ ਦਿੱਤੀ ਸੀ।

ਪੈਂਟਾਗਨ ਨੇ ਕਿਹਾ, ‘ਅੰਦਾਜ਼ਾ ਹੈ ਕਿ ਚੀਨ ਦੇ ਸੰਚਾਲਨ ਯੋਗ ਪਰਮਾਣੂ ਹਥਿਆਰਾਂ ਦੀ ਗਿਣਤੀ 400 ਤੋਂ ਵੱਧ ਹੈ।’ ਚੀਨੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਯੋਜਨਾ ਦੇ ਤਹਿਤ ਸਾਲ 2035 ਤਕ ਆਪਣੇ ਰਾਸ਼ਟਰੀ ਰੱਖਿਆ ਤੇ ਹਥਿਆਰਬੰਦ ਫੋਰਸਾਂ ਦੇ ਆਧੁਨਿਕੀਕਰਨ ਨੂੰ ਪੂਰਾ ਕਰਨਾ ਚਾਹੁੰਦੀ ਹੈ। ਦਰਅਸਲ, ਇਸ ਰਾਹੀਂ ਚੀਨ ਆਪਣੀ ਤਾਕਤ ਵਧਾਉਣ ਦੇ ਨਾਲ ਨਾਲ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਆਪਣੇ ਅਨੁਕੂਲ ਕਰਨਾ ਚਾਹੁੰਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ, ਹਿੰਦ-ਪ੍ਰਸ਼ਾਂਤ ਖੇਤਰ ’ਚ ਕਈ ਹਮਲਾਵਰ ਕਦਮ ਚੁੱਕ ਰਿਹਾ ਹੈ, ਜਿਨ੍ਹਾਂ ’ਚ ਕੁਝ ਨੂੰ ਅਮਰੀਕਾ ਨੇ ਖਤਰਨਾਕ ਦੱਸਿਆ ਹੈ। ਪੀਐੱਲਏ ਦੇ ਜੰਗੀ ਬੇੜੇ ਤੇ ਜਹਾਜ਼ ਖੇਤਰ ’ਚ ਅਸੁਰੱਖਿਅਤ ਤੇ ਗੈਰਪੇਸ਼ੇਵਰ ਵਿਵਹਾਰ ਕਰਦੇ ਹਨ।

Posted By: Shubham Kumar