ਕਵੀਟੋ (ਏਐੱਫਪੀ) : ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਦੀ ਲਗਪਗ ਸਮੁੱਚੀ ਆਬਾਦੀ ਦਾ ਆਨਲਾਈਨ ਡਾਟਾ ਲੀਕ ਹੋ ਗਿਆ ਹੈ। ਦੇਸ਼ ਦੀ ਇਕ ਕਰੋੜ 74 ਲੱਖ ਦੀ ਆਬਾਦੀ 'ਚ ਕਰੀਬ 1.7 ਕਰੋੜ ਲੋਕਾਂ ਦਾ ਡਾਟਾ ਲੀਕ ਹੋ ਗਿਆ। ਇਨ੍ਹਾਂ 'ਚ ਰਾਸ਼ਟਰਪਤੀ ਲੈਨਿਨ ਮੋਰਨੋ ਤੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਵਰਗੀਆਂ ਹਸਤੀਆਂ ਦੀਆਂ ਨਿੱਜੀ ਜਾਣਕਾਰੀਆਂ ਵੀ ਸ਼ਾਮਲ ਹਨ। ਅਸਾਂਜੇ ਨੇ ਇਕਵਾਡੋਰ 'ਚ ਸ਼ਰਨ ਲਈ ਅਰਜ਼ੀ ਦਿੱਤੀ ਸੀ। ਅਸਾਂਜੇ ਨੇ ਇਸ ਸਾਲ ਬਰਤਾਨਵੀ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਲੰਡਨ 'ਚ ਇਕਵਾਡੋਰ ਦੇ ਦੂਤਘਰ 'ਚ ਸ਼ਰਨ ਲਈ ਹੋਈ ਸੀ।

ਲੀਕ ਹੋਏ ਡਾਟਾ 'ਚ ਲੋਕਾਂ ਦੇ ਨਾਂ, ਜਨਮ ਤਰੀਕ, ਜਨਮ ਸਥਾਨ, ਵਿੱਦਿਅਕ ਵੇਰਵੇ ਤੋਂ ਇਲਾਵਾ ਫੋਨ ਨੰਬਰ ਤੇ ਰਾਸ਼ਟਰੀ ਪਛਾਣ ਪੱਤਰ ਦੇ ਨੰਬਰ ਵੀ ਸ਼ਾਮਲ ਹਨ। ਆਨਲਾਈਨ ਇਨ੍ਹਾਂ ਸਕਿਉਰਿਟੀ ਫਰਮ ਵੀਪੀਐੱਨ ਮੈਂਟਰ ਦਾ ਕਹਿਣਾ ਹੈ ਕਿ ਲੀਕ ਦੀ ਇਹ ਘਟਨਾ ਨੋਵਾਏਸਟ੍ਲ ਦੀ ਨਿਗਰਾਨੀ ਵਾਲੇ ਸਰਵਰ ਨਾਲ ਹੋਈ ਹੈ। ਵੱਡੇ ਪੱਧਰ 'ਤੇ ਡਾਟਾ ਲੀਕ ਦੀ ਘਟਨਾ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਇਕਵਾਡੋਰ ਦੀ ਗ੍ਰਹਿ ਮੰਤਰੀ ਮਾਰੀਆ ਪਾਓਲਾ ਰੋਮੋ ਨੇ ਕਿਹਾ ਕਿ ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।