ਮਾਸਕੋ (ਏਜੰਸੀ) : ਰੂਸ ਦੇ ਸੱਤਾ ਅਦਾਰੇ ਕ੍ਰੈਮਲਿਨ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਆਲੋਚਕ ਅਲੈਕਸੀ ਨਵਲਨੀ ਨੂੰ ਅਦਾਲਤ ਨੇ ਜਾਲਸਾਜ਼ੀ ਤੇ ਅਦਾਲਤ ਦੀ ਹੁਕਮ ਅਦੂਲੀ ਦੇ ਮਾਮਲੇ 'ਚ ਨੌਂ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ 'ਚ ਰੱਖਣ ਲਈ ਕਿਹਾ ਹੈ। ਜਸਟਿਸ ਨੇ ਫ਼ੈਸਲੇ 'ਚ ਕਿਹਾ ਹੈ ਕਿ ਨਵਲਨੀ ਨੂੰ ਜੁਰਮਾਨੇ ਦੇ ਰੂਪ 'ਚ 12 ਲੱਖ ਰੂਬਲ (ਕਰੀਬ ਅੱਠ ਲੱਖ 74 ਹਜ਼ਾਰ 637 ਰੁਪਏ) ਭਰਨੇ ਪੈਣਗੇ। ਨਵਲਨੀ ਮੌਜੂਦਾ ਸਮੇਂ 'ਚ ਇਕ ਹੋਰ ਮਾਮਲੇ 'ਚ ਢਾਈ ਸਾਲ ਦੀ ਕੈਦ ਦੀ ਸਜ਼ਾ ਭੁਗਤ ਰਹੇ ਹਨ। ਇਨ੍ਹਾਂ ਦਿਨੀਂ ਉਹ ਮਾਸਕੋ ਦੇ ਪੂਰਬ 'ਚ ਸਥਿਤ ਇਕ ਜੇਲ੍ਹ 'ਚ ਬੰਦ ਹਨ।

ਰਾਜਨੇਤਾਵਾਂ ਨੇ ਕਿਹਾ ਕਿ ਨਵੇਂ ਮਾਮਲੇ ਦਾ ਮਕਸਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਧੁਰ ਆਲੋਚਕ ਨਵਲਨੀ ਨੂੰ ਜਦੋਂ ਤੱਕ ਸੰਭਵ ਹੋਵੇ ਜੇਲ੍ਹ 'ਚ ਬੰਦ ਰੱਖਣਾ ਹੈ। ਨਵਲਨੀ ਨੇ ਆਪਣੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਫਰਜ਼ੀ ਦੱਸਿਆ ਹੈ। ਕਰੀਬ ਇਕ ਮਹੀਨੇ ਪਹਿਲਾਂ ਮਾਸਕੋ ਤੋਂ ਕੁਝ ਦੂਰ ਸਥਿਤ ਜੇਲ੍ਹ 'ਚ ਹੀ ਆਰਜ਼ੀ ਅਦਾਲਤ ਬਣਾ ਕੇ ਉਨ੍ਹਾਂ ਖ਼ਿਲਾਫ਼ ਸੁਣਵਾਈ ਸ਼ੁਰੂ ਕੀਤੀ ਗਈ ਸੀ।

Posted By: Jatinder Singh