ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸੀਰੀਆ ਵਿਚ ਏਅਰ ਸਟ੍ਰਾਈਕ (ਹਵਾਈ ਹਮਲਾ) ਈਰਾਨ ਲਈ ਸਿੱਧੇ-ਸਿੱਧੇ ਚਿਤਾਵਨੀ ਹੈ। ਉਸ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਿਲੀਸ਼ੀਆ ਨੂੰ ਸਮਰਥਨ ਦੇਣ ਦੇ ਨਤੀਜੇ ਈਰਾਨ ਨੂੰ ਭੁਗਤਣੇ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਗੱਠਜੋੜ ਦੇਸ਼ਾਂ ਦੇ ਫ਼ੌਜੀਆਂ ਦੀ ਸੁਰੱਖਿਆ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਬੋਲੇ, 'ਤੁਸੀਂ ਗ਼ਲਤ ਨੀਤੀਆਂ ਨਾਲ ਅੱਗੇ ਨਹੀਂ ਵੱਧ ਸਕਦੇ, ਸਾਵਧਾਨ ਰਹੋ।' ਦੱਸਣਯੋਗ ਹੈ ਕਿ ਅਮਰੀਕਾ ਨੇ ਸੀਰੀਆ ਵਿਚ ਹਵਾਈ ਹਮਲਾ ਕਰਦੇ ਹੋਏ ਉੱਥੇ ਮੌਜੂਦ ਈਰਾਨ ਸਮਰਥਿਤ ਵਿਦਰੋਹੀ ਗਰੁੱਪ ਮਿਲੀਸ਼ੀਆ ਦੇ ਟਿਕਾਣਿਆਂ ਨੂੰ ਬਰਬਾਦ ਕਰ ਦਿੱਤਾ ਹੈ। ਮਿਲੀਸ਼ੀਆ ਨੇ 15 ਫਰਵਰੀ ਨੂੰ ਈਰਾਨ ਸਥਿਤ ਅਮਰੀਕਾ ਅਤੇ ਗੱਠਜੋੜ ਦੇ ਫ਼ੌਜੀ ਅੱਡਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ।

ਅਮਰੀਕਾ ਦੇ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਬੁਲਾਰੇ ਜੋਹਨ ਕਿਰਬੀ ਨੇ ਕਿਹਾ ਕਿ ਹਵਾਈ ਫ਼ੌਜ ਦੇ ਐੱਫ-15ਈ ਬੰਬਾਰ ਜਹਾਜ਼ਾਂ ਤੋਂ ਸੱਤ ਮਿਜ਼ਾਈਲਾਂ ਦਾਗੀਆਂ ਗਈਆਂ ਜਿਨ੍ਹਾਂ ਨੇ ਮਿਲੀਸ਼ੀਆ ਦੇ 9 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਹ ਸਾਰੇ ਇਰਾਕ-ਸੀਰੀਆ ਸਰਹੱਦ 'ਤੇ ਸਨ। ਇਸ ਹਮਲੇ ਨੂੰ ਅਮਰੀਕਾ ਨੇ ਰੱਖਿਆਤਮਕ ਕਦਮ ਦੱਸਿਆ ਹੈ।

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਅਮਰੀਕੀ ਟਿਕਾਣਿਆਂ ਅਤੇ ਲੋਕਾਂ 'ਤੇ ਹਮਲੇ ਕੀਤੇ ਜਾ ਰਹੇ ਸਨ ਜਿਨ੍ਹਾਂ ਵਿੱਚੋਂ ਕੁਝ ਵਿਚ ਲੋਕ ਮਰੇ ਅਤੇ ਜ਼ਖ਼ਮੀ ਹੋਏ। ਸਾਡਾ ਹਮਲਾ ਪਹਿਲਾਂ ਤੋਂ ਨਿਸ਼ਚਿਤ ਅਤੇ ਸੀਮਤ ਸੀ। ਇਸ ਹਮਲੇ ਵਿਚ ਮਿਲੀਸ਼ੀਆ ਗਰੁੱਪ ਨੇ ਕਿਹਾ ਹੈ ਕਿ ਉਸ ਦੇ 22 ਲੜਾਕੇ ਮਾਰੇ ਗਏ ਹਨ। ਹਾਲਾਂਕਿ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਹੋਈ ਹੈ।

ਰੋਅ ਖੰਨਾ ਨੇ ਕੀਤਾ ਹਮਲੇ ਦਾ ਵਿਰੋਧ

ਉਧਰ, ਭਾਰਤੀ-ਅਮਰੀਕੀ ਡੈਮੋਕ੍ਰੇਟਿਕ ਐੱਮਪੀ ਰੋਅ ਖੰਨਾ ਨੇ ਹਮਲੇ ਦਾ ਵਿਰੋਧ ਕੀਤਾ ਹੈ। ਰੋਅ ਖੰਨਾ ਨੇ ਕਿਹਾ ਹੈ ਕਿ ਜੋਅ ਬਾਇਡਨ ਪੱਛਮੀ ਏਸ਼ੀਆ ਵਿਚ ਹਮਲੇ ਦਾ ਆਦੇਸ਼ ਦੇਣ ਵਾਲੇ ਸੱਤਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਸੰਸਦ ਦੀ ਮਨਜ਼ੂਰੀ ਦੇ ਹਮਲੇ ਨੂੰ ਆਤਮ ਰੱਖਿਆ ਵਿਚ ਕੀਤਾ ਜਾਣਾ ਬਿਲਕੁਲ ਨਿਆਂ ਸੰਗਤ ਨਹੀਂ ਕਿਹਾ ਜਾ ਸਕਦਾ। ਅਸੀਂ ਨਾ ਖ਼ਤਮ ਹੋਣ ਵਾਲੀ ਜੰਗ ਵੱਲ ਵੱਧ ਰਹੇ ਹਾਂ।

ਸੀਰੀਆ ਨੂੰ ਸਮਰਥਨ ਜਾਰੀ ਰਹੇਗਾ : ਈਰਾਨ

ਤਹਿਰਾਨ : ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੇ ਕਿਹਾ ਹੈ ਕਿ ਉਹ ਸੀਰੀਆ ਨੂੰ ਆਪਣਾ ਸਮਰਥਨ ਜਾਰੀ ਰੱਖੇਗਾ। ਜ਼ਰੀਫ ਨੇ ਸੀਰੀਆ ਦੇ ਵਿਦੇਸ਼ ਮੰਤਰੀ ਫੈਸਲ ਮੇਕਦਾਦ ਤੋਂ ਈਰਾਨ ਦੀ ਮਨਸ਼ਾ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਅਰਬ ਦੇਸ਼ਾਂ ਦੇ ਹਿੱਤਾਂ, ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕੀਤੀ ਜਾਵੇਗੀ।