ਮਾਸਕੋ, (ਬਿਊਰੋ)— ਯੂਰਪੀ ਦੇਸ਼ਾਂ ਨੂੰ 40 ਫੀਸਦੀ ਗੈਸ ਤੇ 25 ਫੀਸਦੀ ਤੇਲ ਦੀ ਸਪਲਾਈ ਕਰਨ ਵਾਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਹੁਣ ਪੂਰਬ ਨੂੰ ਆਪਣਾ ਬਾਜ਼ਾਰ ਬਣਾਉਣਗੇ। ਇਸ ਦੇ ਲਈ ਨਵੀਂ ਪਾਈਪ ਲਾਈਨ ਵਿਛਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਰਾਹੀਂ ਗੈਸ ਤੇ ਤੇਲ ਦੀ ਸਪਲਾਈ ਕੀਤੀ ਜਾਵੇਗੀ। ਪੁਤਿਨ ਨੇ ਉੱਚ ਪੱਧਰੀ ਬੈਠਕ ਤੋਂ ਬਾਅਦ ਟੈਲੀਵਿਜ਼ਨ 'ਤੇ ਕਿਹਾ ਕਿ ਉਹ ਗੈਰ-ਦੋਸਤਾਨਾ ਦੇਸ਼ਾਂ ਨਾਲ ਵਪਾਰ ਨਹੀਂ ਕਰਨਾ ਚਾਹੁੰਦੇ ਹਨ।

ਰੂਸ ਦੁਨੀਆ ਦੇ ਤੇਲ ਉਤਪਾਦਨ ਦਾ 10 ਫੀਸਦੀ ਤੇ ਆਪਣੀ ਗੈਸ ਦਾ 20 ਫੀਸਦੀ ਸਪਲਾਈ ਕਰਦਾ ਹੈ। ਏਸ਼ੀਆਈ ਦੇਸ਼ਾਂ ਨੂੰ ਆਪਣੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਤੇਲ ਤੇ ਗੈਸ ਦੀ ਬਹੁਤ ਲੋੜ ਹੈ। ਇਸੇ ਤਰ੍ਹਾਂ ਅਫਰੀਕਾ ਅਤੇ ਲਾਤੀਨੀ ਅਮਰੀਕੀ ਦੇਸ਼ ਵੀ ਉਨ੍ਹਾਂ ਲਈ ਵੱਡੇ ਬਾਜ਼ਾਰ ਹੋ ਸਕਦੇ ਹਨ। ਗੌਰਤਲਬ ਹੈ ਕਿ ਬ੍ਰਿਟੇਨ ਤੇ ਯੂਰਪੀ ਸੰਘ ਦੇ 27 ਦੇਸ਼ਾਂ ਨੇ ਵੀ ਰੂਸ ਦੇ ਤੇਲ, ਗੈਸ ਅਤੇ ਕੋਲੇ 'ਤੇ ਅਮਰੀਕੀ ਪਾਬੰਦੀਆਂ ਦਾ ਸਮਰਥਨ ਕੀਤਾ ਹੈ। ਰੂਸੀ ਤੇਲ ਤੇ ਗੈਸ 'ਤੇ ਨਿਰਭਰ ਯੂਰਪੀਅਨ ਦੇਸ਼ਾਂ ਨੇ ਵੀ ਇਸ ਸਾਲ ਦੇ ਅੰਤ ਤਕ ਰੂਸ ਤੋਂ ਖਰੀਦਦਾਰੀ ਬੰਦ ਕਰਨ ਦਾ ਐਲਾਨ ਕੀਤਾ ਹੈ।

600 ਵਿਦੇਸ਼ੀ ਕੰਪਨੀਆਂ ਨੇ ਛੱਡ ਦਿੱਤਾ ਰੂਸ

24 ਫਰਵਰੀ ਤੋਂ, ਰੂਸੀ ਹਮਲਿਆਂ ਕਾਰਨ ਯੂਕਰੇਨ ਤੋਂ 4.6 ਮਿਲੀਅਨ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਦੇ ਜਵਾਬ 'ਚ, ਪੱਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਕਾਰਨ 600 ਤੋਂ ਵੱਧ ਵਿਦੇਸ਼ੀ ਕੰਪਨੀਆਂ ਰੂਸ ਛੱਡ ਗਈਆਂ ਹਨ। ਇਸ ਕਾਰਨ ਰੂਸ ਵਿਚ ਲਗਪਗ 10 ਲੱਖ ਨੌਕਰੀਆਂ ਖਤਮ ਹੋ ਗਈਆਂ ਹਨ। ਵਿਸ਼ਵ ਬੈਂਕ ਦੇ ਅੰਦਾਜ਼ੇ ਅਨੁਸਾਰ ਰੂਸ ਵਿੱਚ ਲਗਪਗ 26 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਣਗੇ।

ਯੂਕਰੇਨ ਨੇ ਫਿਰ ਰੂਸ 'ਤੇ ਹਵਾਈ ਹਮਲਿਆਂ ਦਾ ਲਗਾਇਆ ਦੋਸ਼

ਰੂਸ ਨੇ ਯੂਕਰੇਨ 'ਤੇ ਆਪਣੀ ਸਰਹੱਦ ਦੇ ਅੰਦਰ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ ਹੈ। ਰੂਸੀ ਜਾਂਚ ਕਮੇਟੀ ਨੇ ਕਿਹਾ ਕਿ ਯੂਕਰੇਨ ਦੇ ਦੋ ਫੌਜੀ ਹੈਲੀਕਾਪਟਰਾਂ ਨੇ ਵੀਰਵਾਰ ਨੂੰ ਬ੍ਰਾਇੰਸਕ ਦੇ ਰੂਸੀ ਖੇਤਰ ਦੇ ਆਬਾਦੀ ਵਾਲੇ ਖੇਤਰਾਂ 'ਤੇ ਛੇ ਬੰਬ ਸੁੱਟੇ। ਇਸ ਬੰਬ ਧਮਾਕੇ ਵਿੱਚ ਸੱਤ ਲੋਕ ਜ਼ਖ਼ਮੀ ਹੋ ਗਏ। ਜਾਂਚ ਕਮੇਟੀ ਮੁਤਾਬਕ ਇਹ ਹੈਲੀਕਾਪਟਰ ਬਹੁਤ ਘੱਟ ਉਚਾਈ 'ਤੇ ਉੱਡ ਰਹੇ ਸਨ, ਇਸ ਲਈ ਰਾਡਾਰ ਇਨ੍ਹਾਂ ਦੀ ਮੌਜੂਦਗੀ ਦਾ ਪਤਾ ਨਹੀਂ ਲਗਾ ਸਕਿਆ। ਬੁੱਧਵਾਰ ਨੂੰ ਰੂਸ ਨੇ ਯੂਕਰੇਨ ਦੀ ਫੌਜ 'ਤੇ ਆਪਣੀ ਸਰਹੱਦ 'ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਪਹਿਲਾਂ ਯੂਕਰੇਨ ਦੇ ਹੈਲੀਕਾਪਟਰਾਂ 'ਤੇ ਰੂਸ ਦੀ ਸਰਹੱਦ 'ਚ ਦਾਖਲ ਹੋ ਕੇ ਤੇਲ ਦੇ ਗੋਦਾਮ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।

Posted By: Sandip Kaur