ਬੀਜਿੰਗ (ਪੀਟੀਆਈ) : ਲੱਦਾਖ ਦੀ ਗਲਵਾਨ ਘਾਟੀ 'ਚ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਚੱਲ ਰਹੀ ਖਿੱਚੋਤਾਣ ਵਿਚਾਲੇ ਭਾਰਤ ਸਰਕਾਰ ਵੱਲੋਂ ਚੀਨੀ ਐਪ 'ਤੇ ਪਾਬੰਦੀ ਲਾਉਣ ਨਾਲ ਡ੍ਰੈਗਨ ਬੌਖਲਾ ਗਿਆ ਹੈ। ਉਸ ਦੀ ਆਕੜ ਭੱਜ ਗਈ ਹੈ ਤੇ ਉਹ ਕੌਮਾਂਤਰੀ ਨਿਯਮਾਂ-ਕਾਨੂੰਨਾਂ ਦੀ ਦੁਹਾਈ ਦੇਣ ਲੱਗਾ ਹੈ। ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਇਸ ਕਦਮ ਤੋਂ ਬਹੁਤ ਚਿੰਤਤ ਹੈ।

ਭਾਰਤ ਸਰਕਾਰ ਨੇ ਦੇਸ਼ ਦੀ ਸੁਰੱਖਿਆ ਤੇ ਲੋਕਾਂ ਦੀ ਨਿੱਜਤਾ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ 50 ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ 'ਚ ਟਿਕਟਾਕ ਤੇ ਯੂਸੀ ਬ੍ਰਾਊਜਰ ਵਰਗੇ ਐਪ ਸ਼ਾਮਲ ਹੈ। ਸਰਕਾਰ ਨੇ ਗੂਗਲ ਤੋਂ ਆਪਣੇ ਪਲੇਅ ਸਟੋਰ ਤੋਂ ਇਨ੍ਹਾਂ ਐਪਸ ਨੂੰ ਹਟਾਉਣ ਦਾ ਕਿਹਾ ਸੀ। ਸਰਕਾਰ ਦਾ ਕਹਿਣਾ ਹੈ ਕਿ ਇਹ ਐਪ ਭਾਰਤ ਦੀ ਏਕਤਾ ਤੇ ਪ੍ਰਭੂਸੱਤਾ, ਦੇਸ਼ ਦੀ ਰੱਖਿਆ ਤੇ ਸੁਰੱਖਿਆ ਤੇ ਪ੍ਰਸ਼ਾਸਨਿਕ ਵਿਵਸਥਾ ਨੂੰ ਖ਼ਤਰਾ ਪਹੁੰਚਾਉਣ ਵਾਲੀਆਂ ਸਰਗਰਮੀਆਂ 'ਚ ਸ਼ਾਮਲ ਸਨ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਭਾਰਤ ਦੇ ਚੀਨੀ ਐਪਸ 'ਤੇ ਪਾਬੰਦੀ ਲਾਉਣ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ, 'ਚੀਨ ਨੂੰ ਕਾਫੀ ਚਿੰਤਾ ਹੈ ਕਿ ਉਹ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ।' ਉਨ੍ਹਾਂ ਕਿਹਾ, 'ਅਸੀਂ ਕਹਿਣਾ ਚਾਹੁੰਦੇ ਹਾਂ ਕਿ ਚੀਨ ਸਰਕਾਰ ਹਮੇਸ਼ਾ ਤੋਂ ਆਪਣੇ ਕਾਰੋਬਾਰੀਆਂ ਨੂੰ ਕੌਮਾਂਤਰੀ ਤੇ ਸਥਾਨਕ ਨਿਯਮਾਂ ਨੂੰ ਪਾਲਣ ਕਰਨ ਨੂੰ ਕਹਿੰਦੀ ਰਹੀ ਹੈ। ਭਾਰਤ ਸਰਕਾਰ 'ਤੇ ਚੀਨ ਸਮੇਤ ਸਾਰੀਆਂ ਕੌਮਾਂਤਰੀਆਂ ਨਿਵੇਸ਼ਕਾਂ ਦੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ।'

ਦੱਸਣਯੋਗ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਲੱਦਾਖ 'ਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਗਲਵਾਨ ਘਾਟੀ 'ਚ ਚੀਨੀ ਫੌਜ ਨਾਲ ਸੰਘਰਸ਼ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਦਕਿ ਚੀਨ ਦੇ ਵੀ 40 ਤੋਂ ਜ਼ਿਆਦਾ ਜਵਾਨ ਮਾਰੇ ਗਏ।