ਕਾਬੁਲ, ਏਜੰਸੀ। 9/11 ਦੀ 18ਵੀਂ ਬਰਸੀ 'ਤੇ ਅਫ਼ਗਾਨਿਸਤਾਨ 'ਚ ਅਮਰੀਕੀ ਦੂਤਘਰ 'ਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ। ਹਮਲਾ ਕਾਫ਼ੀ ਖ਼ਤਰਨਾਕ ਦੱਸਿਆ ਜਾ ਰਿਹਾ ਹੈ, ਇਸ ਦੀ ਤੀਬਰਤਾ ਵੀ ਜ਼ਿਆਦਾ ਸੀ। ਅਮਰੀਕਾ 'ਚ 9/11 ਹਮਲੇ ਦੀ ਬਰਸੀ 'ਤੇ ਬੁੱਧਵਾਰ ਤੜਕੇ ਅਮਰੀਕੀ ਦੂਤਘਰ ਨੇੜੇ ਅਫ਼ਗਾਨਿਸਤਾਨ ਦੀ ਰਾਜਧਾਨੀ 'ਚ ਇਕ ਵੱਡਾ ਧਮਾਕਾ ਹੋਇਆ। ਪਰ ਦੂਤਘਰ ਦੇ ਅਧਿਕਾਰੀਆਂ ਨੇ ਇਕ ਘੰਟੇ ਬਾਅਦ ਸਪੱਸ਼ਟ ਐਲਾਨ ਕਰ ਦਿੱਤਾ ਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਿਕ ਇਹ ਇਕ ਰਾਕੇਟ ਹਮਲਾ ਸੀ। ਹਾਲਾਂਕਿ ਇਸ ਹਮਲੇ 'ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਅਫ਼ਗਾਨ ਅਧਿਕਾਰੀਆਂ ਵੱਲੋਂ ਕੋਈ ਤੁਰੰਤ ਟਿੱਪਣੀ ਨਹੀਂ ਕੀਤੀ ਗਈ। ਨਾਟੋ ਮਿਸ਼ਨ ਨੇ ਕਿਹਾ ਕਿ ਕੋਈ ਵੀ ਮੁਲਾਜ਼ਮ ਜ਼ਖ਼ਮੀ ਨਹੀਂ ਹੈ।

ਟਰੰਪ ਦੇ ਬਿਆਨ ਤੋਂ ਬਾਅਦ ਹਮਲਾ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਤਾਲਿਬਾਨ ਸ਼ਾਂਤੀ ਵਾਰਤਾ ਨੂੰ ਰੱਦ ਕੀਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਇਹ ਅਫ਼ਗਾਨਿਸਤਾਨ ਦੀ ਰਾਜਧਾਨੀ 'ਚ ਪਹਿਲਾ ਵੱਡਾ ਹਮਲਾ ਹੈ। ਪਿਛਲੇ ਹਫ਼ਤੇ ਦੇ ਅਖ਼ੀਰ 'ਚ ਟਰੰਪ ਨੇ ਅਚਾਨਕ ਯੂਐੱਸਏ-ਤਾਲਿਬਾਨ ਵਾਰਤਾ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਇਹ ਹਮਲੇ ਅਜਿਹੇ ਸਮੇਂ ਹੋਇਆ ਹੈ ਜਦੋਂ ਪਿਛਲੇ ਦਿਨੀਂ ਹੀ ਤਾਲਿਬਾਨ ਨੇ ਅਮਰੀਕੀਆਂ ਖ਼ਿਲਾਫ਼ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ ਹੈ।

Posted By: Akash Deep