ਹੇਰਾਤ (ਰਾਇਟਰ) : ਈਰਾਨੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ਨਿਚਰਵਾਰ ਨੂੰ ਦੇਸ਼ ਦੀ ਸਰਹੱਦ 'ਚ ਦਾਖ਼ਲ ਹੋ ਰਹੇ ਕਰੀਬ 70 ਅਫ਼ਗਾਨ ਸ਼ਰਨਾਰਥੀਆਂ ਨੂੰ ਨਹਿਰ ਵਿਚ ਸੁੱਟ ਦਿੱਤਾ। ਇਨ੍ਹਾਂ ਵਿਚੋਂ ਕਈਆਂ ਦੇ ਡੁੱਬਣ ਦੀ ਖ਼ਬਰ ਹੈ। ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਤੋਂ ਗੁੱਸੇ ਵਿਚ ਆਏ ਸਰਹੱਦੀ ਅਫ਼ਗਾਨ ਸੂਬੇ ਹੇਰਾਤ ਦੇ ਗਵਰਨਰ ਸਈਦ ਵਾਹਿਦ ਕਤਾਲੀ ਨੇ ਕਿਹਾ, ਕਿਸੇ ਦਿਨ ਇਸ ਦਾ ਬਦਲਾ ਲਿਆ ਜਾਵੇਗਾ। ਮੌਤ ਦੇ ਮੂੰਹ 'ਚੋਂ ਨਿਕਲੇ ਇਕ ਪੀੜਤ ਨੂਰ ਮੁਹੰਮਦ ਨੇ ਦੱਸਿਆ ਕਿ ਕੰਮ ਦੀ ਤਲਾਸ਼ ਵਿਚ ਉਹ ਕਈ ਲੋਕਾਂ ਨਾਲ ਈਰਾਨ 'ਚ ਦਾਖ਼ਲ ਹੋ ਰਿਹਾ ਸੀ। ਉਨ੍ਹਾਂ ਨੂੰ ਦੇਖ ਕੇ ਈਰਾਨ ਦੇ ਸਰਹੱਦੀ ਸੁਰੱਖਿਆ ਜਵਾਨਾਂ ਨੇ ਉਨ੍ਹਾਂ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਕ ਹੋਰ ਪੀੜਤ ਸ਼ੀਰ ਆਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਨਹਿਰ ਵਿਚ ਨਹੀਂ ਕੁੱਦੇ ਤਾਂ ਸਾਰਿਆਂ ਨੂੰ ਗੋਲ਼ੀ ਮਾਰ ਦਿੱਤੀ ਜਾਵੇਗੀ।

ਆਗਾ ਮੁਤਾਬਕ, ਉਨ੍ਹਾਂ ਨਾਲ 23 ਲੋਕ ਨਦੀ ਵਿਚ ਡੁੱਬ ਗਏ। ਇਸ ਘਟਨਾ ਕਾਰਨ ਦੋਵੇਂ ਮੁਲਕਾਂ ਵਿਚਾਲੇ ਤਣਾਅ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕੰਮ ਦੇ ਸਿਲਸਿਲੇ ਵਿਚ ਅਫ਼ਗਾਨਿਸਤਾਨ ਤੋਂ ਵੱਡੀ ਗਿਣਤੀ ਵਿਚ ਲੋਕ ਈਰਾਨ ਜਾਂਦੇ ਰਹੇ ਹਨ, ਪਰ ਕੋਰੋਨਾ ਮਹਾਮਾਰੀ ਫੈਲਣ ਕਾਰਨ ਈਰਾਨ ਨੇ ਆਪਣੀ ਸਰਹੱਦ 'ਤੇ ਸਖ਼ਤੀ ਕਰ ਦਿੱਤੀ ਹੈ।